4 ਵਰ੍ਹੇ ਚੱਲਿਆ ਕੇਸ , 10 ਜਣਿਆਂ ਦੀ ਹੋਈ ਗਵਾਹੀ , ਪੁਲਿਸ ਦੀ ਘੜੀ ਕਹਾਣੀ ਤੋਂ ਸਾਬਿਤ ਨਹੀਂ ਹੋਇਆ ਕਤਲ
ਹਰਿੰਦਰ ਨਿੱਕਾ ਬਰਨਾਲਾ, 24 ਨਵੰਬਰ 2020
ਅਦਾਲਤ ਵਿੱਚ ਕਰੀਬ 4 ਵਰ੍ਹੇ ਕੇਸ ਚੱਲਿਆ, 10 ਜਣਿਆਂ ਦੀ ਗਵਾਹੀ ਹੋਈ। ਪਰੰਤੂ ਫਿਰ ਵੀ ਵਕੀਲਾਂ ਦੀਆਂ ਦਲੀਲਾਂ ਅੱਗੇ ਪੁਲਿਸ ਵੱਲੋਂ ਅਦਾਲਤ ਸਾਹਮਣੇ ਪੇਸ਼ ਕੀਤੀ ਕਤਲ ਦੀ ਕਹਾਣੀ ਟਿਕ ਨਹੀਂ ਸਕੀ। ਜਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਮਾਨਯੋਗ ਅਦਾਲਤ ਨੇ ਆਪਣੇ ਪਤੀ ਦੀ ਹੱਤਿਆ ਦੇ ਦੋਸ਼ ਵਿੱਚ ਨਾਮਜਦ ਪਤਨੀ ਅਤੇ ਉਸ ਦੇ ਇੱਕ ਹੋਰ ਸਹਿਦੋਸ਼ੀ ਨੂੰ ਬਾ-ਇੱਜਤ ਬਰੀ ਕਰ ਦਿੱਤਾ। ਬਰੀ ਹੋਣ ਤੋਂ ਬਾਅਦ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਮੌਜੂਦ ਸਵਰਨਜੀਤ ਕੌਰ ਪਤਨੀ ਧੰਨਜੀਤ ਸਿੰਘ ਵਾਸੀ ਢਿਲਵਾ ਜਿਲ੍ਹਾ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਉਸ ਦੇ ਅਤੇ ਗੁਰਪ੍ਰੀਤ ਸਿੰਘ ਉਰਫ ਤੋਤਾ ਪੁੱਤਰ ਦਿਲਵਾਗ ਸਿੰਘ ਵਾਸੀ ਗੋਬਿੰਦਗੜ੍ਹ ਦਬੜੀਖਾਨਾ ਥਾਣਾ ਜੈਤੋ ਜਿਲ੍ਹਾ ਫਰੀਦਕੋਟ ਦੇ ਖਿਲਾਫ ਮੇਰੇ ਪਤੀ ਧੰਨਜੀਤ ਦਾ ਕਤਲ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕੀਤਾ ਸੀ। ਇਹ ਕੇਸ ਪਹਿਲਾਂ ਮਾਨਯੋਗ ਸ੍ਰੀ ਅਰੁਨ ਗੁਪਤਾ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬ ਬਰਨਾਲਾ ਦੀ ਅਦਾਲਤ ਵਿੱਚ ਚਲਦਾ ਸੀ। ਪਰ ਮਾਨਯੋਗ ਸ੍ਰੀ ਅਰੁਨ ਗੁਪਤਾ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬ ਦੀ ਪ੍ਰਮੋਸ਼ਨ ਹੋਣ ਕਰਕੇ ਇਹ ਕੇਸ ਮਾਨਯੋਗ ਸ੍ਰੀ ਵਰਿੰਦਰ ਕੁਮਾਰ ਅਗਰਵਾਲ ਸ਼ੈਸ਼ਨ ਜੱਜ ਸਾਹਿਬ ਦੀ ਅਦਾਲਤ ਵਿੱਚ ਬਦਲ ਗਿਆ।
ਜਿਕਰਯੋਗ ਹੈ ਕਿ ਇਹ ਮੁਕੱਦਮਾ ਨੰ: 118 ਮਿਤੀ 24-12-2016, ਜੇਰ ਦਫਾ 302, 201, 34 ਆਈ ਪੀ ਸੀ. ਦੇ ਤਹਿਤ ਥਾਣਾ ਤਪਾ ਵਿੱਚ ਮਲਕੀਤ ਸਿੰਘ ਵਾਸੀ ਢਿਲਵਾ ਜਿਲ੍ਹਾ ਬਰਨਾਲਾ ਦੇ ਬਿਆਨ ਤੇ ਦਰਜ ਕੀਤਾ ਗਿਆ ਸੀ। ਪੁਲਿਸ ਨੇ ਧੰਨਜੀਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਮਲਕੀਤ ਸਿੰਘ ਦੇ ਬਿਆਨ ਤੇ ਸਵਰਨਜੀਤ ਕੌਰ ਅਤੇ ਪੰਚ ਹਰਨੇਕ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਢਿਲਵਾ ਦੇ ਬਿਆਨ ਤੇ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਮੁਕੰਮਲ ਹੋਣ ਤੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ । ਇਸ ਕੇਸ ਵਿੱਚ ਪੁਲਿਸ ਨੇ ਕਰੀਬ 22 ਗਵਾਹਾਂ ਦੀ ਲਿਸਟ ਚਲਾਨ ਸਮੇਂ ਪੇਸ਼ ਕੀਤੀ। ਜਿਸ ਵਿੱਚੋ ਕਰੀਬ ਚਾਰ ਸਾਲ ਵਿੱਚ 10 ਗਵਾਹਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ।
ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਮੁਦਈ ਦਾ ਪੁਲਿਸ ਕੋਲ ਦਿੱਤਾ ਬਿਆਨ ਅਤੇ ਅਦਾਲਤ ਵਿੱਚ ਦਿੱਤਾ ਗਿਆ ਬਿਆਨ ਆਪਸ ਵਿੱਚ ਨਹੀਂ ਮਿਲਦਾ। ਇਸ ਤੋਂ ਇਲਾਵਾ ਮੁਦਈ ਨੇ ਦੋਸ਼ੀਆਂ ਦਾ ਨਾਮ ਨਾ ਪੁਲਿਸ ਪਾਸ ਲਿਆ ਤੇ ਨਾ ਹੀ ਅਦਾਲਤ ਵਿੱਚ ਲਿਆ ਹੈ। ਇੱਥੇ ਹੀ ਬੱਸ ਨਹੀਂ ਮੁਦਈ ਨੇ ਆਪਣੀ ਨੂੰਹ ਤੇ ਕਤਲ ਦਾ ਕੋਈ ਸੱਕ ਵੀ ਜਾਹਿਰ ਨਹੀਂ ਕੀਤਾ ਅਤੇ ਨਾ ਹੀ ਗਵਾਹਾਂ ਨੇ ਲਾਸ਼ ਦੀ ਕੋਈ ਸਹੀ ਸ਼ਨਾਖਤ ਕੀਤੀ। ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਵਰਿੰਦਰ ਕੁਮਾਰ ਅਗਰਵਾਲ ਦੀ ਅਦਾਲਤ ‘ਚ ਬਹਿਸ ਦੌਰਾਨ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਐਡਵੋਕੇਟ ਐਚ ਐਸ ਸਿੱਧੂ ਨੇ ਕਿਹਾ ਕਿ ਕਤਲ ਦੇ ਇਸ ਕੇਸ ਵਿੱਚ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਹੈ। ਪਲਿਸ ਵੀ ਆਪਣੀ ਸਟੋਰੀ ਮੁਤਾਬਿਕ ਦੋਸ਼ੀਆਂ ਵੱਲੋਂ ਕੀਤਾ ਕਤਲ ਸਾਬਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਅਦਾਲਤ ਨੇ ਐਡਵੋਕੇਟ ਕੁਲਵੰਤ ਰਾਏ ਗੋਇਲ ਤੇ ਐਡਵੋਕੇਟ ਐਚ ਐਸ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਵਾਂ ਨਾਮਜਦ ਦੋਸ਼ੀਆਂ ਨੂੰ ਕਤਲ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ । ਵਰਨਣਯੋਗ ਹੈ ਕਿ ਧੰਨਜੀਤ ਸਿੰਘ ਉਰਫ ਧੰਨਾ 14 ਦਸੰਬਰ 2016 ਨੂੰ ਘਰ ਤੋਂ ਲਾਪਤਾ ਹੋ ਗਿਆ ਸੀ। ਜਿਸ ਦੀ ਲਾਸ਼ 10 ਦਿਨ ਬਾਅਦ ਢਿੱਲਵਾਂ ਤੋਂ ਖੁੱਡੀ ਖੁਰਦ ਨੂੰ ਜਾਣ ਵਾਲੀ ਡਰੇਨ ਦੇ ਪੁਲ ਕੋਲੋਂ ਬਰਾਮਦ ਹੋਈ ਸੀੇ। ਪੁਲਿਸ ਨੇ ਕਤਲ ਦਾ ਇਹ ਕੇਸ ਪਹਿਲਾਂ ਅਣਪਛਾਤੇ ਦੋਸ਼ੀਆਂ ਖਿਲਾਫ ਦਰਜ਼ ਕੀਤਾ। ਬਾਅਦ ਵਿੱਚ ਇਸ ਕੇਸ ਵਿੱਚ ਮ੍ਰਿਤਕ ਦੀ ਪਤਨੀ ਸਵਰਨਜੀਤ ਕੌਰ ਵਾਸੀ ਢਿੱਲਵਾਂ ਅਤੇ ਗੁਰਪ੍ਰੀਤ ਸਿੰਘ ਗੋਬਿੰਦਗੜ੍ਹ ਦਬੜੀਖਾਨਾ ਥਾਣਾ ਜੈਤੋ ਜਿਲ੍ਹਾ ਫਰੀਦਕੋਟ ਨੂੰ ਦੋਸ਼ੀ ਨਾਮਜਦ ਕਰ ਦਿੱਤਾ ਸੀ।