ਪਿੰਡ ਸ਼ੇਰੋਂ ਦੇ ਸਰਪੰਚ ਅਤੇ ਪੰਚਾਂ ਨੇ ਖ਼ੁਦ ਸੈਂਪਲ ਦੇ ਕੇ ਕੀਤੀ ਕਰੋਨਾ ਟੈਸਟਿੰਗ ਕੈਂਪ ਦੀ ਸ਼ੁਰੂਆਤ
ਹਰਪ੍ਰੀਤ ਕੌਰ ਸੰਗਰੂਰ, 6 ਸਤੰਬਰ:2020
ਮਿਸ਼ਨ ਫ਼ਤਹਿ ਤਹਿਤ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੇ ਉੱਦਮ ਸਦਕਾ ਬਹੁਤ ਸਾਰੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਮੋਹਤਬਰ ਰਾਜ ਸਰਕਾਰ ਦੀ ਕਰੋਨਾ ਵਿਰੁੱਧ ਵਿੱਢੀ ਮੁਹਿੰਮ ਦੇ ਸਮਰਥਨ ਵਿਚ ਅੱਗੇ ਆ ਰਹੇ ਹਨ। ਇਸੇ ਮੁਹਿੰਮ ਤਹਿਤ ਪਿੰਡ ਸ਼ੇਰੋਂ ਵਿਖੇ ਬਲਾਕ ਸੀਐਚਸੀ ਲੌਂਗੋਵਾਲ ਵੱਲੋਂ ਕੋਵਿਡ-19 ਦੀ ਸੈਂਪਲਿੰਗ ਲਈ ਲਗਾਏ ਗਏ ਕੈਂਪ ਦੌਰਾਨ ਗ੍ਰਾਮ ਪੰਚਾਇਤ ਪਿੰਡ ਸ਼ੇਰੋਂ ਤੋਂ ਸਰਪੰਚ ਪਰਗਟ ਸਿੰਘ, ਪੰਚ ਅਵਤਾਰ ਸਿੰਘ ਤਾਰੀ ਅਤੇ ਪੰਚ ਜਸਵੰਤ ਸਿੰਘ ਨੇ ਪਹਿਲਾਂ ਆਪਣੇ ਸੈਂਪਲ ਕਰਵਾ ਕੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਅ ਲਈ ਵੱਧ-ਵੱਧ ਸੈਂਪਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਸਰਪੰਚ ਪਰਗਟ ਸਿੰਘ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਅਫ਼ਵਾਹਾਂ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਸਬ ਸੈਂਟਰ ਸ਼ੇਰੋਂ ਤੋਂ ਹੈਲਥ ਵਰਕਰ ਬਾਲ ਕਿ੍ਸ਼ਨ, ਏ ਐਨ ਐਮ ਪ੍ਰਕਾਸ਼ ਕੌਰ ਅਤੇ ਏ ਐਨ ਐਮ ਸੁਖਵਿੰਦਰ ਕੌਰ ਅਤੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਸ਼ੇਰੋਂ ਤੋਂ ਬੈਂਕ ਮੈਨੇਜਰ ਕੁਮਾਰ ਵਿਵੇਕ ਅਤੇ ਬੈਂਕ ਦੇ ਹੋਰ ਸਟਾਫ਼ ਵਲੋਂ ਵੀ ਕੋਵਿਡ-19 ਸੈਂਪਲਿੰਗ ਕਰਵਾਈ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ ਅਤੇ ਇਸ ਲਈ ਵਿਅਕਤੀ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੁੰਦੀ ਅਤੇ ਟੈਸਟ ਕਰਨ ਲਈ ਕੁਝ ਸਕਿੰਟਾਂ ਦਾ ਹੀ ਸਮਾਂ ਲੱਗਦਾ ਹੈ।
ਉਨਾਂ ਕਿਹਾ ਕਿ ਖਾਂਸੀ, ਜ਼ੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਲੱਛਣ ਹੋਣ ਦੀ ਸੂਰਤ ’ਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਰਾਬਤਾ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਇਹ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਲਤ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਕਿਉਕਿ ਟੈਸਟਿੰਗ ਕਰਵਾ ਕੇ ਹੀ ਅਸੀਂ ਆਪਣੀ ਤੇ ਆਪਣੇ ਸਮਾਜ ਦੀ ਸੁਰੱਖਿਆ ਯਕੀਨੀ ਬਣਾ ਸਕਦੇ ਹਾਂ।
ਇਸ ਮੌਕੇ ਅਮਿਤ ਕੁਮਾਰ ਨੈਬ ਤਹਿਸੀਲਦਾਰ ਚੀਮਾ ਵੱਲੋਂ ਵੀ ਕੈਂਪ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਸਿਹਤ ਵਿਭਾਗ ਦੀ ਟੀਮ ਸੀ ਐਚ ਓ ਰੁਪਿੰਦਰ ਕੌਰ, ਸੀ ਐਚ ਓ ਸੁਖਜੀਤ ਕੌਰ, ਸਿਹਤ ਸੁਪਰਵਾਈਜ਼ਰ ਰਾਜਿੰਦਰ ਕੁਮਾਰ,ਸਿਹਤ ਸੁਪਰਵਾਈਜ਼ਰ ਚੰਦਰ ਭਾਨ, ਹੈਲਥ ਵਰਕਰ ਖੁਸ਼ਵੰਤ ਸਿੰਘ ਅਤੇ ਹੈਲਥ ਵਰਕਰ ਪ੍ਰਦੀਪ ਸਿੰਘ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।