* ਜ਼ਿਲ੍ਹਾ ਬਰਨਾਲਾ ਵਿੱਚ ਵੱਖ – ਵੱਖ ਥਾਈਂ ਲੱਗਣਗੇ ਕੈਂਪ
* ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕੈਂਪਾਂ ਦਾ ਲਾਹਾ ਲੈਣ ਦਾ ਸੱਦਾ
ਰਘਵੀਰ ਹੈਪੀ , ਬਰਨਾਲਾ, 20 ਜੂਨ 2024
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਲਕੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਸ਼ਹੀਦ ਭਗਤ ਸਿੰਘ ਪਾਰਕ, ਕੇ ਸੀ ਰੋਡ ਬਰਨਾਲਾ ਵਿਖੇ ਸਵੇਰੇ 7 ਵਜੇ ਤੋਂ 7:45 ਤੱਕ ਕਰਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ‘ਯੋਗਾ ਫਾਰ ਸੈਲਫ਼ ਐਂਡ ਸੁਸਾਇਟੀ’ ਥੀਮ ਹੇਠ ਮਨਾਇਆ ਜਾਵੇਗਾ, ਜਿਸ ਸਬੰਧੀ ਜਿੱਥੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਜਾਵੇਗਾ, ਉੱਥੇ ਪੂਰੇ ਜ਼ਿਲ੍ਹੇ ‘ਚ ਵੱਖ ਵੱਖ ਅਦਾਰਿਆਂ ਵਿੱਚ ਵੀ ਯੋਗ ਕੈਂਪ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਜ਼ਿਲ੍ਹੇ ਵਿੱਚ ਵੱਖ ਵੱਖ ਸਥਾਨਾਂ ‘ਤੇ ਸਵੇਰੇ-ਸ਼ਾਮ ਯੋਗ ਕੈਂਪ ਲਗਾ ਕੇ ਬਰਨਾਲਾ ਵਾਸੀਆਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਔਰਤਾਂ, ਬਜ਼ੁਰਗਾਂ ਸਣੇ ਵੱਡੀ ਗਿਣਤੀ ਲੋਕ ਰੋਜ਼ਾਨਾ ਯੋਗ ਕਰਦੇ ਹਨ।
ਉਨ੍ਹਾਂ ਸੀ ਐਮ ਦੀ ਯੋਗਸ਼ਾਲਾ ਬਾਰੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 15 ਮਾਹਰ ਯੋਗਾ ਟ੍ਰੇਨਰ ਨਿਯੁਕਤ ਕੀਤੇ ਗਏ ਹਨ ਜੋ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 84 ਯੋਗਾ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚੋਂ ਬਰਨਾਲਾ ਸ਼ਹਿਰ ਵਿੱਚ 38, ਭਦੌੜ 12, ਤਪਾ 11, ਸ਼ਹਿਣਾ 6, ਧਨੌਲਾ 5, ਮਹਿਲ ਕਲਾਂ 4, ਪਿੰਡ ਕੱਟੂ 3, ਮਹਿਲ ਖੁਰਦ 1, ਗੁੰਮਟੀ 1, ਹਮੀਦੀ 1, ਬਡਬਰ 1, ਭੱਠਲਾਂ 1 ਸਵੇਰੇ-ਸ਼ਾਮ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕਾਂ, ਧਰਮਸ਼ਾਲਾ ਆਦਿ ਵਿੱਚ ਲੱਗ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਅਮਨ ਕੌਸ਼ਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ – ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਯੋਗ ਦਿਵਸ ‘ਯੋਗਾ ਫਾਰ ਸੈਲਫ਼ ਐਂਡ ਸੁਸਾਇਟੀ’ ਥੀਮ ਹੇਠ ਮਨਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਜ਼ਿਲ੍ਹਾ ਪੱਧਰੀ ਕੈਂਪ ਜਾਂ ਆਪਣੇ ਨੇੜੇ ਦੇ ਯੋਗ ਕੈਂਪ ਵਿੱਚ ਵੀ ਜ਼ਰੂਰ ਪੁੱਜਣ ਅਤੇ ਨਿਰੋਗ ਜੀਵਨਸ਼ੈਲੀ ਵੱਲ ਕਦਮ ਪੁੱਟਣ।