ਅਸ਼ੋਕ ਵਰਮਾ, ਬਠਿੰਡਾ 22 ਨਵੰਬਰ 2023
ਬਠਿੰਡਾ ਜਿਲ੍ਹੇ ਦੇ ਨਵੇਂ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਹਿੱਕ ਠੋਕ ਕੇ ਐਲਾਨ ਕੀਤਾ ਹੈ ਕਿ ਨਸ਼ਿਆਂ ਵਰਗੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੇ ਇੱਕ ਅਹਿਮ ਪਹਿਲੂ ਵਜੋਂ ਨਸ਼ਾ ਤਸਕਰਾਂ ਨੂੰ ਠੋਕਿਆ ਅਤੇ ਜੇਲ੍ਹਾਂ ਵਿੱਚ ਸੁੱਟਿਆ ਜਾਏਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀਆਂ ਸੂਚੀਆਂ ਤਿਆਰ ਕਰਕੇ ਉਨ੍ਹਾਂ ਦੀ ਧਰਪਕੜ ਲਈ ਸਪੈਸ਼ਲ ਆਪਰੇਸ਼ਨ ਚਲਾਉਣ ਅਤੇ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਜਬਤ ਦਾ ਫੈਸਲਾ ਲਿਆ ਗਿਆ ਹੈ। ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਜਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ, ਥਾਣਾ ਇੰਚਾਰਜਾਂ ਅਤੇ ਵੱਖ ਵੱਖ ਬਰਾਂਚਾਂ ਦੇ ਅਧਿਕਾਰੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਉਹ ਅਮਨ ਕਾਨੂੰਨ ਤੇ ਨਸ਼ਿਆਂ ਦੀ ਵਿੱਕਰੀ ਦੇ ਮਾਮਲੇ ਵਿੱਚ ਕਿਸੇ ਦਾ ਕੋਈ ਬਹਾਨਾ ਨਹੀਂ ਸੁਨਣਗੇ।
ਹਾਲਾਂਕਿ ਐਸ ਐਸ ਪੀ ਅੱਗੇ ਨਸ਼ਿਆਂ ਦੇ ਵਗਦੇ ਹੜ੍ਹ ਨੂੰ ਠੱਲ੍ਹ ਪਾਉਣਾ ਵੱਡੀ ਚੁਣੌਤੀ ਹੋਵੇਗੀ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣ ਅਤੇ ਅਪਰਾਧੀਆਂ ਤੇ ਚੋਰ ਲੁਟੇਰਿਆਂ ਦੀ ਲਗਾਮ ਕੱਸਣ ਵਰਗੇ ਮਸਲੇ ਵੀ ਬਰਕਰਾਰ ਹਨ ਇਸ ਦੇ ਬਾਵਜੂਦ ਉਨ੍ਹਾਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਦੇ ਮਾਮਲੇ ਵਿੱਚ ਆਪਣਾ ਅਹਿਦ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਉਨ੍ਹਾਂ ਦੇ ਤਰਜੀਹੀ ਏਜੰਡੇ ’ਤੇ ਹੈ ਜਿਸ ਲਈ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਏਗੀ । ਉਨ੍ਹਾਂ ਕਿਹਾ ਕਿ ਉਹ ਨਸ਼ੇ ਵਰਗੀ ਗੰਭੀਰ ਮਸੱਸਿਆ ਨਾਲ ਨਜਿੱਠਣ ਲਈ ਲਾਗੂ ਕੀਤੇ ਜਾਣ ਵਾਲੇ ਤਿੰਨ ਨੁਕਾਤੀ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਨਾਗਰਿਕਾਂ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਵਿੱਢਣਗੇ।
ਉਨ੍ਹਾਂ ਦੱਸਿਆ ਕਿ ਜੋ ਬੱਚੇ ਇਸ ਦਲਦਲ ਵਿੱਚ ਫਸ ਗਏ ਹਨ ਉਨ੍ਹਾਂ ਨੂੰ ਇਸ ਵਿੱਚੋਂ ਬਾਹਰ ਕੱਢਣ ਲਈ ਵੀ ਰਣਨਤੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮਿਲਣਗੇ ਅਤੇ ਸਿਹਤ ਤੇ ਸਿੱਖਿਆ ਵਿਭਾਗ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬਠਿੰਡਾ ਹਰ ਪਹਿਲੂ ਤੋਂ ਸੰਵੇਦਨਸ਼ੀਲ ਜਿਲ੍ਹਾ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਅਪਰਾਧ ਹੋਣ ਤੋਂ ਪਹਿਲਾਂ ਰੋਕਣ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਉਸ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨਾ, ਦੋਸ਼ੀ ਨੂੰ ਸ਼ਜਾ ਦਿਵਾਉਣਾ ਅਤੇ ਮੁਦਈ ਨੂੰ ਇਨਸਾਫ ਦਿਵਾਉਣਾ ਯਕੀਨੀ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਬਠਿੰਡਾ ਸਮੇਤ ਜਿਲ੍ਹੇ ਦੇ ਸਮੂਹ ਸ਼ਹਿਰਾਂ ਨੂੰ ਹਿੱਸਿਆਂ ਵਿੱਚ ਵੰਡਕੇ ਬੀਟ ਸਿਸਟਮ ਲਾਗੂ ਕੀਤਾ ਜਾਏਗਾ।
ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ ਅਤੇ ਗੱਡੀਆਂ ਤੇ ਗਸ਼ਤ ਯਕੀਨੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਦਫਤਰਾਂ ਵਿੱਚ ਬੈਠਣ ਦੀ ਬਜਾਏ ਨਾਕਾਬੰਦੀ ਅਤੇ ਅਪਰਾਧੀਆਂ ਨੂੰ ਡੱਕਣ ਲਈ ਸੜਕਾਂ ਤੇ ਉਤਾਰਿਆ ਜਾਏਗਾ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਇਕੱਲੀ ਮਾਲ ਰੋਡ ਤੇ ਕਤਲ ਦੀਆਂ ਦੋ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿੰਨ੍ਹਾਂ ਚੋਂ ਇੱਕ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੀ ਹੱਤਿਆ ਹੈ। ਮਹੱਤਵਪੂਰਨ ਤੱਥ ਹੈ ਕਿ ਪੁਲਿਸ ਹੱਤਿਆ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਪ੍ਰੰਤੂ ਇਸ ਵਾਰਦਾਤ ਪਿੱਛੇ ਮਕਸਦ ਨਹੀਂ ਸਾਫ ਕੀਤਾ ਜਾ ਸਕਿਆ ਹੈ ਜਿਸ ਨੂੰ ਲੈਕੇ ਸ਼Çਹਿਰ ਵਾਸੀਆਂ ਦਾ ਡਰ ਦੂਰ ਨਹੀਂ ਹੋ ਰਿਹਾ ਹੈ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਲੰਘੇ ਦੋ ਮਹੀਨਿਆਂ ਦੌਰਾਨ ਲੁੱਟਾਂ ਖੋਹਾਂ ਆਦਿ ਦੀਆਂ ਵਾਰਦਾਤਾਂ ਦੇ ਦੋਸ਼ੀ ਨਹੀਂ ਕਾਬੂ ਕੀਤੇ ਜਾ ਸਕੇ ਹਨ। ਬਠਿੰਡਾ ਪੁਲਿਸ ਲਈ ਗਲੀਆਂ ਬਜ਼ਾਰਾਂ ਵਿੱਚ ਬਿਨਾਂ ਨੰਬਰ ਦੇ ਮੋਟਰਸਾਈਕਲਾਂ ਤੇ ਧੂੜਾਂ ਪੱਟਦੇ ਫਿਰਦੇ ਨਸ਼ੇੜੀ ਮੁੰਡੇ ਚੁਣੌਤੀ ਬਣੇ ਹੋਏ ਹਨ। ਐਸਐਸਪੀ ਨੂੰ ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਝਪਟਮਾਰਾਂ, ਚੋਰੀਆਂ ਚਕਾਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਨੂੰ ਨੱਥ ਪਾਕੇ ਰੱਖਣੀ ਪਵੇਗੀ। ਇਸੇ ਤਰਾਂ ਹੀ ਸ਼ਹਿਰ ਵਿਚਲੇ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਰੂਪ ’ਚ ਚਲਾਉਣ, ਖਾਸ ਕਰਕੇ ਬੱਸ ਅੱਡਾ ਚੌਂਕ ’ਚ ਵਜਦੇ ਬੱਸਾਂ ਤੇ ਆਟੋ ਚਾਲਕਾਂ ਦੇ ਘੜਮੱਸ ਨੂੰ ਖਤਮ ਕਰਨ ਲਈ ਕਰੜੇ ਕਦਮ ਚੁੱਕਣ ਦੀ ਜਿੰਮੇਵਾਰੀ ਵੀ ਨਵੇਂ ਐਸ.ਐਸ.ਪੀ ਤੇ ਆ ਗਈ ਹੈ।
ਖਾਸ ਤੌਰ ਤੇ ਉਸ ਵਕਤ ਸ਼ਹਿਰ ਅਤੇ ਲਾਈਨੋਪਾਰ ਇਲਾਕਿਆਂ ਤੋਂ ਬਿਨਾਂ ਆਂਢੀ ਗੁਆਂਢੀ ਪਿੰਡਾਂ ਨੂੰ ਬਠਿੰਡਾ ਨਾਲ ਜੋੜਨ ਵਾਲਾ ਮੁਲਤਾਨੀਆਂ ਪੁਲ ਮੁੜ ਉਸਾਰੀ ਲਈ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਆਵਾਜਾਈ ਦੇ ਢਾਂਚੇ ਵਿੱਚ ਵੱਡਾ ਵਿਗਾੜ ਪੈਣ ਦੀ ਗੱਲ ਆਖੀ ਜਾ ਰਹੀ ਹੈ। ਹਰਿਆਣਾ ਤੇ ਰਾਜਸਥਾਨ ਨਾਲ ਜਿਲ੍ਹੇ ਦੀ ਸੀਮਾ ਲਗਦੀ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਨਸ਼ਿਆਂ ਦੀ ਤਸਕਰੀ ਦਾ ਖਤਰਾ ਬਣਿਆ ਰਹਿੰਦਾ ਹੈ। ਖਾਸ ਤੌਰ ਤੇ ਹਰਿਆਣਾ ਚੋਂ ਆ ਕੇ ਵਿਕਦੀ ਹਰਿਆਣਵੀ ਸ਼ਰਾਬ ਦੀ ਤਸਕਰੀ ਨੂੰ ਰੋਕਣਾ ਵੀ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ। ਬਠਿੰਡਾ ਤੋਂ ਵਿਦਾ ਹੋਕੇ ਗਏ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਕਈ ਅਹਿਮ ਮਾਮਲੇ ਹੱਲ ਵੀ ਕੀਤੇ ਪਰ ਅਮਨ ਕਾਨੂੰਨ ਦੇ ਮੁੱਦੇ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ।
ਜਲਦੀ ਦਿਸੇਗੀ ਤਬਦੀਲੀ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸ਼ਨ ਦੇ ਸਮੂਹ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਤਰਜੀਹਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਜਿਲ੍ਹਾ ਵਾਸੀਆਂ ਨੂੰ ਪੁਲਿਸ ਢਾਂਚੇ ਵਿੱਚ ਤਬਦੀਲੀਆਂ ਨਜ਼ਰ ਆਉਣਗੀਆਂ। ਉਨ੍ਹਾਂ ਆਮ ਲੋਕਾਂ ਅਤੇ ਮੀਡੀਆ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।