ਰਘਬੀਰ ਹੈਪੀ, ਬਰਨਾਲਾ, 7 ਨਵੰਬਰ 2023
ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੀ ਲੋੜਾਂ ਅਨੁਸਾਰ ਵਿਓਂਤਬੰਦੀ ਦਾ ਖਾਕਾ ਤਿਆਰ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਇਸ ਅਨੁਸਾਰ ਵੱਖ ਵੱਖ ਸਕੂਲਾਂ ਦੀਆਂ ਮੰਗਾਂ ਭੇਜੀਆਂ ਜਾ ਸਕਣ। ਇਸ ਗੱਲ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਹੋਈ ਪਲੇਠੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 115 ਸੈਕੰਡਰੀ ਸਕੂਲ ਅਤੇ 182 ਪ੍ਰਾਇਮਰੀ ਸਕੂਲ ਹਨ। ਭਾਰਤ ਸਰਕਾਰ ਦੇ ਸਮੱਗਰ ਸਿੱਖਿਆ ਅਭਿਆਨ ਤਹਿਤ ਇਨ੍ਹਾਂ ਸਾਰੇ ਸਕੂਲਾਂ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮਦਦ ਦਿੱਤੀ ਜਾਣੀ ਹੈ। ਇਸ ਮਦਦ ਨੂੰ ਸਬੰਧਿਤ ਸਕੂਲਾਂ ਦੇ ਲੋੜਾਂ ਅਨੁਸਾਰ ਸਮਕਾਲੀਕਰਨ ਰੱਖਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਸਕੂਲਾਂ ਦੇ ਰਿਕਾਰਡ ਦਰਜ ਕਰਨ ਲਈ ਇਕ ਸਾਰ ਪ੍ਰੋਫਾਰਮਾ ਤਿਆਰ ਕੀਤਾ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਬਲਾਕ ਲੈਵਲ ਤੱਕ ਟੀਮਾਂ ਬਣਾਈਆਂ ਜਾਣ ਅਤੇ ਇਨ੍ਹਾਂ ਫਾਰਮਾਂ ਨੂੰ ਭਰਿਆ ਜਾਵੇ। ਇਸ ਫਾਰਮ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ, ਲੋੜ ਅਨੁਸਾਰ ਸਬੰਧਿਤ ਵਿਸ਼ਿਆਂ ਦੇ ਅਧਿਆਪਕਾਂ ਦੀ ਉਪਲਬਧਤਾ, ਬੱਚਿਆਂ ਦੇ ਸਿਹਤ ਨਾਲ ਸਬੰਧਿਤ ਵੇਰਵੇ, ਬੱਚਿਆਂ ਨੂੰ ਵਜੀਫੇ, ਮੁਫ਼ਤ ਕਿਤਾਬਾਂ ਆਦਿ ਲੈਣ ਲਈ ਜ਼ਰੂਰੀ ਦਸਤਾਵੇਜ਼ ਆਦਿ ਬਾਰੇ ਵੇਰਵੇ ਭਰੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਤਪਾ ਸੁਖਪਾਲ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੀਰੂ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ਼ਮਸ਼ੇਰ ਸਿੰਘ, ਡਿਪਟੀ ਡੀ. ਈ. ਓ. ਡਾ. ਬਰਜਿੰਦਰ ਸਿੰਘ ਪਾਲ, ਡਿਪਟੀ ਡੀ. ਈ. ਓ. ਵਸੁੰਧਰਾ ਕਪਿਲਾ ਅਤੇ ਹੋਰ ਸੀਨੀਅਰ ਅਫ਼ਸਰ ਹਾਜ਼ਰ ਸਨ।
3 ਸਕੂਲਾਂ ਨੂੰ ਬਲਾਕ ਪੱਧਰੀ ਰੈੰਕਿੰਗ ‘ਚ ਮਿਲਿਆ ਪਹਿਲਾ ਸਥਾਨ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਪੰਜਾਬ ਸਿੱਖਿਆ ਵਿਭਾਗ ਵੱਲੋਂ ਵਧੀਆ ਕਾਰਗੁਜ਼ਾਰੀ ਦੇ ਚਲਦਿਆਂ ਆਪਣੇ ਆਪਣੇ ਬਲਾਕਾਂ ‘ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ। ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ ਵੱਖ ਮਾਪਦੰਡਾਂ ਅਨੁਸਾਰ ਇਨ੍ਹਾਂ ਸਕੂਲਾਂ ਦੀ ਕਾਰਗੁਜ਼ਾਰੀ ਵਧੀਆ ਪਾਈ ਗਈ ਹੈ । ਉਨ੍ਹਾਂ ਅੱਜ ਹੰਡਿਆਇਆ ਬਲਾਕ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ, ਸਹਿਣਾ ਬਲਾਕ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਅਤੇ ਮਹਿਲ ਕਲਾਂ ਬਲਾਕ ‘ਚ ਪਹਿਲੇ ਸਥਾਨ ਉੱਤੇ ਆਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਨੂੰ ਸਨਮਾਨਿਤ ਕੀਤਾ ।