ਬਿੱਟੂ ਜਲਾਲਾਬਾਦੀ, ਫਾਜ਼ਿਲਕਾ 18 ਅਕਤੂਬਰ 2023
ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸਦ ਤਹਿਤ ਨੌਜਵਾਨ ਪੀੜ੍ਹੀ ਨੂੰ ਖੇਡਾਂ ਨੂੰ ਪ੍ਰਫੁਲਿਤ ਕਰਨ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ ਜਿਸ ਤਹਿਤ ਜਿਲ੍ਹਾ ਫਾਜਿਲਕਾ ਵਿਖੇ ਸਾਫਟਬਾਲ ਗੇਮ ਦਾ ਉਦਘਾਟਨ ਸ਼੍ਰੀ ਰਵਿੰਦਰ ਸਿੰਘ ਅਰੋੜਾ ਵਧੀਕ ਡਿਪਟੀ ਕਮਿਸ਼ਨਰ ਵੱਲੋ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਅਤੇ ਸ਼੍ਰੀ ਸਾਰੰਗ ਪ੍ਰੀਤ ਸਿੰਘ ਔਜਲਾ ਸਹਾਇਕ ਕਮਿਸ਼ਨਰ (ਜਰਨਲ) ਫਾਜਿਲਕਾ ਅਤੇ ਸ਼੍ਰੀ ਮਤੀ ਸੁਨੀਤਾ ਰਾਣੀ ਓਲੰਪੀਅਨ (ਅਥਲੈਟਿਕਸ) ਵਿਸ਼ੇਸ਼ ਤੌਰ ਤੇ ਨਾਲ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨ ਸ. ਰਵਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾਅਫਜਾਈ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਤੰਦਰੁਸਤੀ ਦੇ ਰਾਹੇ ਪਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਜਿਥੇ ਪੜ੍ਹਾਈ ਦੀ ਅਹਿਮੀਅਤ ਹੈ ਉਥੇ ਖੇਡਾਂ ਵੀ ਜਿੰਦਗੀ ਦਾ ਅਹਿਮ ਹਿਸਾ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਜਿਥੇ ਨੌਜਵਾਨ ਪੀੜ੍ਹੀ ਦਾ ਮਨ ਸਥਿਰ ਰਹਿੰਦਾ ਹੈ ਉਥੇ ਉਹ ਮਾੜੀਆਂ ਕੁਰੀਤੀਆਂ ਵੱਲ ਜਾਣ ਤੋਂ ਵੀ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਤੰਦਰੁਸਤ ਅਤੇ ਸਿਹਤਮੰਦ ਰਹੇ ਇਸ ਲਈ ਖੇਡਾਂ ਬਹੁਤ ਜ਼ਰੂਰੀ ਹਨ।
ਟੂਰਨਾਮੈਂਟ ਦੌਰਾਨ ਹਾਜਰ ਹੋਏ ਮੁੱਖ ਮਹਿਮਾਨਾ ਦਾ ਜਿਲ੍ਹਾ ਖੇਡ ਅਫਸਰ ਫਾਜਿਲਕਾ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮੁਖ ਮਹਿਮਾਨਾ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਵੀ ਕੀਤੀ ਗਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਖਿਡਾਰੀਆਂ ਨੂੰ ਨਸ਼ੇਆਂ ਤੋਂ ਦੁਰ ਰਹਿਣ ਲਈ ਪ੍ਰੇਰਿਤ ਕੀਤਾ। ਸਮੂਹ ਖੇਡ ਵਿਭਾਗ ਦੇ ਕੋਚਿਜ਼ ਅਤੇ ਦਫਤਰੀ ਸਟਾਫ ਵੀ ਮੌਕੇ ਤੇ ਹਾਜਰ ਰਹੇ। ਇਸ ਟੂਰਨਾਮੈਂਟ ਵਿੱਚ ਸਿੱਖਿਆ ਵਿਭਾਗ ਦੇ ਡੀ.ਪੀ.ਈ ਅਤੇ ਪੀ.ਟੀ.ਆਈ ਅਤੇ ਲੈਕਚਰਾਰ, ਫਿਜੀਕਲ ਐਜੂਕੇਸ਼ਨ ਸਹਿਬਾਨ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖਿਡਾਰੀਆਂ ਦੀ ਗਿਣਤੀ ਲਗਭਗ 700 ਦੇ ਕਰੀਬ ਰਹੀ।
ਸਾਫਟਬਾਲ ਖੇਡ ਦੇ ਕੈਟਾਗਰੀ ਅਨੁਸਾਰ ਆਏ ਨਤੀਜੇ
ਜਿਲ੍ਹਾ ਖੇਡ ਅਫਸਰ ਫਾਜਿਲਕਾ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਾਫਟਬਾਲ ਦੇ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਫਾਜ਼ਿਲਕਾ ਟੀਮ ਅਤੇ ਲੁਧਿਆਣਾ ਟੀਮ ਜੇਤੂ ਰਹੀ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿਚ ਫਾਜਿਲਕਾ, ਮੋਗਾ ਅਤੇ ਫਿਰੋਜਪੁਰ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ 21 ਲੜਕੀਆਂ ਵਿਚ ਲੁਧਿਆਣਾ, ਫਾਜਿਲਕਾ, ਅੰਮ੍ਰਿਤਸਰ ਅਤੇ ਪਟਿਆਲਾ ਟੀਮ ਜੇਤੂ ਰਹੀ। ਅੰਡਰ-21-30 ਲੜਕੀਆਂ ਵਿਚ ਅੰਮ੍ਰਿਤਸਰ ਅਤੇ ਲੁਧਿਆਣਾ ਟੀਮ ਨੇ ਜਿਤ ਪ੍ਰਾਪਤ ਕੀਤੀ।