ਸ਼ਰੀਕ ਉੱਜੜਿਆਂ ਵਿਹੜਾ ਮੋਕਲਾ’ ਸਿੱਧ ਹੋਈ ਪ੍ਰਾਈਵੇਟ ਬੱਸਾਂ ਲਈ ਰੋਡਵੇਜ਼ ਦੀ ਹੜਤਾਲ

Advertisement
Spread information
ਅਸ਼ੋਕ ਵਰਮਾ,ਬਠਿੰਡਾ,20 ਸਤੰਬਰ 2023
       ਪੰਜਾਬੀ ਕਹਾਵਤ ‘ਸ਼ਰੀਕ ਉਜੜਿਆਂ ਵਿਹੜਾ ਮੋਕਲਾ’ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਕੀਤੀ ਹੜਤਾਲ ਤੇ ਪੂਰੀ ਤਰ੍ਹਾਂ ਸਟੀਕ ਬੈਠਦੀ ਹੈ। ਹੜਤਾਲ ਕਾਰਨ ਅੱਜ ਜਿਆਦਾਤਰ ਸਰਕਾਰੀ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ ਜਿਸ ਕਰਕੇ ਅੱਜ ਪੂਰਾ ਦਿਨ ਪ੍ਰਾਈਵੇਟ ਬੱਸ ਮਾਲਕਾਂ ਦੀ ਚਾਂਦੀ ਰਹੀ।ਬਠਿੰਡਾ ਦੇ ਮੁਲਾਜ਼ਮ ਆਗੂ ਬਲਵੀਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਹੜਤਾਲ ਕਾਰਨ 90 ਫੀਸਦੀ ਬੱਸ ਸੇਵਾ ਪ੍ਰਭਾਵਿਤ ਰਹੀ ਹੈ ਜਦੋਂ ਕਿ ਸਿਰਫ 10 ਫੀਸਦੀ ਗੱਡੀਆਂ ਹੀ ਰੈਗੂਲਰ ਸਟਾਫ ਨੇ ਬਿਨਾਂ ਕੰਡਕਟਰਾਂ ਤੋਂ ਗਿਣਤੀ ਦੇ ਰੂਟਾਂ ਤੇ ਚਲਾਈਆਂ ਹਨ। ਸਰਕਾਰੀ ਬੱਸਾਂ ਦੇ ਇਹ ਮੁਲਾਜ਼ਮ ਰੈਗੂਲਰ ਕਰਨ ਸਮੇਤ ਵੱਖ-ਵੱਖ ਮੰਗਾਂ ਲਾਗੂ ਕਰਨ ਦੀ ਮੰਗ ਕਰ ਰਹੇ ਹਨ।     
       ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤਹਿਤ ਅੱਜ ਕੀਤੀ ਹੜਤਾਲ ਕਾਰਨ ਵੱਡੀ ਗਿਣਤੀ ਸਰਕਾਰੀ ਬੱਸਾਂ ਆਪਣੇ ਰੂਟਾਂ ਉਤੇ ਨਹੀਂ ਚੱਲ ਸਕੀਆਂ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਬੱਸ ਮਾਲਕਾਂ ਨੂੰ ਮਿਲਿਆ। ਸਰਕਾਰੀ ਬੱਸ ਟਰਾਂਸਪੋਰਟ ਦੀ ਗੈਰ ਹਾਜ਼ਰੀ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਖਾਸ ਕਰਕੇ ਵੱਡੇ ਘਰਾਣਿਆਂ ਦੀਆਂ ਬੱਸਾਂ ‘ਚ ਅੱਜ ਬੁਕਿੰਗ ਚੰਗੀ ਰਹੀ।  ਬਠਿੰਡਾ ਖਿੱਤੇ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਵੀ ਬੱਸ ਅੱਡਿਆਂ ‘ਤੇ ਬਣੀ ਭੀੜ ਦਾ ਪੂਰਾ ਪੂਰਾ ਫਾਇਦਾ ਉਠਾਇਆ ਅਤੇ ਹੜਤਾਲ ਵਾਲਾ ਮੇਲਾ ਲੁੱਟਿਆ। ਇਸ ਤੋਂ ਇਲਾਵਾ ਕਈ ਰੂਟਾਂ ਤੇ ਤਾਂ ਨਿੱਜੀ ਕੰਪਨੀ ਦੀਆਂ ਬੱਸਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਸਨ। 
       ਬਠਿੰਡਾ ਜ਼ਿਲ੍ਹੇ ਵਿੱਚ ਕਈ ਪੇਂਡੂ ਰੂਟ ਅਜਿਹੇ ਹਨ ਜਿਨ੍ਹਾਂ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਪੂਰੀ ਸਰਦਾਰੀ ਰਹੀ ਅਤੇ ਉਨ੍ਹਾਂ ਨੇ ਆਪਣੀ ਮਨ ਮਰਜ਼ੀ ਨਾਲ ਉਹ ਵੀ ਬਿਨਾਂ ਕਿਸੇ ਰੂਟ ਪਰਮਿਟ ਤੋਂ ਬੱਸਾਂ ਚਲਾਈਆਂ। ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸਰਕਾਰੀ ਅਫਸਰਾਂ ਨੇ ਵੀ ਅਜਿਹੀਆਂ ਬੱਸਾਂ ਖਿਲਾਫ਼ ਕਿਸੇ ਕਿਸਮ ਦੀ ਕਾਰਵਾਈ ਤੋਂ ਪਾਸਾ ਵੱਟਿਆ । ਭਾਵੇਂ ਪ੍ਰਾਈਵੇਟ ਬੱਸ ਮਾਲਕਾਂ ਨੇ ਪੂਰੇ ਦਮਖਮ ਨਾਲ ਆਪਣੀਆਂ ਬੱਸਾਂ ਸੜਕਾਂ ਤੇ ਉਤਾਰੀਆਂ ਫਿਰ ਵੀ ਅੰਤਰਰਾਜ਼ੀ ਅਤੇ ਸਰਕਾਰੀ ਬੱਸਾਂ ਦੀ ਮਨਾਪਲੀ ਵਾਲੇ ਰੂਟਾਂ ਤੇ ਸਵਾਰੀਆਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ਤੇ ਬਜੁਰਗ ਸਵਾਰੀਆਂ ਅਤੇ ਬੱਚਿਆਂ ਲਈ ਤਾਂ ਇਹ ਹੜਤਾਲ ਤਕਲੀਫਾਂ ਦਾ ਪਿਟਾਰਾ ਸਾਬਤ ਹੋਈ ਹੈ।
       ਹੜਤਾਲ ਕਾਰਨ ਅੱਜ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਵੀ ਟਿਕਟ ਕਟਾਉਣੀ ਪਈ। ਕਈ ਥਾਵਾਂ ਤੋਂ ਔਰਤਾਂ ਦੀ  ਬੱਸ ਕੰਡਕਟਰਾਂ ਨਾਲ ਤੂੰ ਤੂੰ ਮੈਂ ਮੈਂ ਹੋਣ ਦੀਆਂ ਰਿਪੋਰਟਾਂ ਵੀ ਹਨ। ਇਸ ਮਾਮਲੇ ਦਾ  ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਹੜਤਾਲ ਕਾਰਨ ਅੱਜ ਜਿਆਦਾਤਰ ਥਾਵਾਂ ਤੇ ਔਰਤਾਂ ਨੇ ਬੱਸਾਂ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਹੀ ਕੀਤਾ। ਦੂਜੇ ਪਾਸੇ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਰਗੜਾ ਲੱਗਿਆ। ਹੜਤਾਲੀ  ਮੁਲਾਜ਼ਮਾਂ  ਨੇ ਕਿਹਾ ਕਿ  ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਵੇਰਵਿਆਂ ਅਨੁਸਾਰ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਜਿਆਦਤਰ ਮੁਲਾਜਮ ਠੇਕਾ ਅਧਾਰਤ ਹੀ ਰੱਖੇ ਹੋਏ  ਹਨ।
       ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦਾ ਕਹਿਣਾ ਸੀ  ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਤਕਲੀਫ ਪਹੰਚਾਉਣਾ ਨਹੀਂ ਹੈ ਇਹ ਤਾਂ ਸਰਕਾਰ ਦੀ ਮਾੜੀ ਨੀਤੀ ਨੇ ਇਸ ਰਾਹ ਪੈਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ  ਪਟਿਆਲਾ ਪ੍ਰਸ਼ਾਸਨ ਨੇ 15 ਅਗਸਤ ਨੂੰ 25 ਅਗਸਤ ਦੀ ਮੀਟਿੰਗ ਤੈਅ ਕੀਤੀ ਸੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ ਅਤੇ ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ  ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਮੰਗ ਹੋਵੇ ਜਾਂ ਫਿਰ ਟਰਾਂਸਪੋਰਟ ਮਾਫੀਆ ਜਾਂ  ਸਰਕਾਰੀ ਬੱਸਾਂ ਨੂੰ ਸ਼ਾਮਲ ਕਰਨ ਦਾ ਮਾਮਲਾ ਪੰਜਾਬ ਸਰਕਾਰ ਹਰ ਮੁੱਦੇ ’ਤੇ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ  ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ  ਨੂੰ ਬਦਲਾਅ ਦੇ ਨਾਂਅ ’ਤੇ ਵੋਟਾਂ ਪਾ ਕੇ ਬਹੁਮਤ ਨਾਲ ਜਿਤਾਉਣ ਵਾਲੇ ਮੁਲਾਜ਼ਮ  ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। 
       ਵੱਖ ਵੱਖ ਥਾਵਾਂ ਤੇ ਹੜਤਾਲੀ ਮੁਲਾਜਮਾਂ ਨੇ ਦੋਸ਼ ਲਾਇਆ ਕਿ ਕਦੇ ਖਜ਼ਾਨਾ ਖਾਲੀ ਹੋਣ ਅਤੇ ਕਦੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਭੱਜਣਾ  ਸਰਕਾਰ ਨੂੰ ਮਹਿੰਗਾ ਪਵੇਗਾ। ਉਨ੍ਹਾਂ ਸਰਕਾਰ ਸਵਾਲ ਕੀਤਾ  ਕਿ  ਪੀ ਆਰ ਟੀ ਸੀ, ਰੋਡਵੇਜ਼ ਅਤੇ ਪਨਬੱਸ ਦੇ ਮੁਲਾਜਮ ਰੋਜਾਨਾ ਕਰੋੜਾਂ ਰੁਪਏ ਕਮਾ ਰਹੇ ਹਨ ਫਿਰ ਉਨ੍ਹਾਂ ਨੂੰ ਰੈਗੂਲਰ  ਕਰਨ ’ਚ ਕੀ ਹਰਜ ਹੈ।ਆਗੂਆਂ ਨੇਪੰਜਾਬ ਰੋਡਵੇਜ ,ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਤਰੁੰਤ ਰੈਗੂਲਰ ਕਰਨ ਸਮੇਤ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਟਰਾਂਸਪੋਰਟ ਵਿਭਾਗ ਦੇ ਸਮੂਹ ਕਾਮਿਆਂ ਨੂੰ ਪੱਕੇ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ ।
Advertisement
Advertisement
Advertisement
Advertisement
Advertisement
error: Content is protected !!