ਰਘਵੀਰ ਹੈਪੀ , ਬਰਨਾਲਾ 15 ਸਤੰਬਰ 2023
ਜਿਲ੍ਹੇ ਦੇ ਪਿੰਡ ਕੈਰੇ ਦੇ ਵਾਰਡ ਨੰਬਰ ਇਕ ਦੇ ਪੰਚ ਪਰਮਜੀਤ ਸਿੰਘ ਕੈਰੇ ਪਿੰਡ ਦੇ ਸਰਪੰਚ ਖ਼ਿਲਾਫ਼ ਹੀ ਭੁੱਖ ਹੜਤਾਲ ਤੇ ਬੈਠ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਚ ਪਰਮਜੀਤ ਸਿੰਘ ਕੈਰੇ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨ ਵਿਚ ਸਾਡੇ ਐੱਸ.ਸੀ.ਭਾਈਚਾਰੇ ਦੀਆ 85% ਵੋਟਾਂ ਦਾ ਸਮਰਥਨ ਦੇ ਕੇ ਪਿੰਡ ਦਾ ਸਰਪੰਚ ਬਣਾਇਆ ਗਿਆ ਸੀ । ਪਰ ਸਰਪੰਚ ਵਲੋਂ ਐਸ.ਸੀ.ਭਾਈਚਾਰੇ ਨਾਲ ਜਾਤੀ ਵਿਤਕਰਾ ਕੀਤਾ ਗਿਆ । ਵਿਤਕਰੇ ਦਾ ਨਤੀਜਾ ਇਹ ਹੋਇਆ ਕਿ ਵਾਰਡ ਨੰਬਰ 1 ਵਿਚ ਬਿਲਕੁਲ ਵੀ ਖੋਟੇ ਪੈਸੇ ਜਿੰਨਾਂ ਕੰਮ ਨਹੀਂ ਕਰਵਾਇਆ ਗਿਆ। ਮੈਂਬਰ ਪੰਚਾਇਤ ਕੈਰੇ ਨੇ ਕਿਹਾ ਕਿ ਇਸ ਦੀ ਰਿਪੋਰਟ ਮੈਂ ਲਿਖਤੀ ਤੌਰ ਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਮੈਂ ਸਰਪੰਚ ਅਤੇ ਸਬੰਧਿਤ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆ ਚੁੱਕਾ ਹਾਂ ਕਿ ਮੈਂ 15 ਸਤੰਬਰ ਨੂੰ ਪਿੰਡ ਦੀ ਸਮਸ਼ਾਨਘਾਟ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਾਂਗਾ। ਉਨ੍ਹਾਂ ਕਿਹਾ ਕਿ ਲੰਘੀ ਕੱਲ੍ਹ 14 ਸਤੰਬਰ ਨੂੰ ਜੇ. ਈ. ਚੰਚਲ ਸਿੰਘ ਅਤੇ ਪੰਚਾਇਤ ਸੱਕਤਰ ਸਤਨਾਮ ਸਿੰਘ ਅਤੇ ਸਰਪੰਚ ਅਮਰਜੀਤ ਕੌਰ ਵੱਲੋ ਵਿਸ਼ਵਾਸ ਦਿਵਾਇਆ ਗਿਆ ਸੀ ਨੇ 15 ਸਤੰਬਰ ਨੂੰ ਵਾਰਡ ਨੰਬਰ 1 ਵਿੱਚ ਵਿਕਾਸ ਦਾ ਕੰਮ ਸੁਰੂ ਕਰ ਦਿੱਤਾ ਜਾਵੇਗਾ । ਪਰੰਤੂ ਸਵੇਰੇ 10 ਵਜੇ ਤੱਕ ਵੀ ਕੋਈ ਮਿਸਤਰੀ,ਮਜ਼ਦੂਰ,ਜਾਂ ਇੱਟਾਂ,ਬਰੇਤੀ ਸੀਮੇਂਟ ਆਦਿ ਸਮਾਨ ਨਹੀਂ ਪਹੁੰਚਿਆ। ਜਿਸ ਕਾਰਣ ਮਜਬੂਰਨ ਮੈਂ 10 ਵਜੇ ਤੋਂ ਭੁੱਖ ਹੜਤਾਲ ਤੇ ਬੈਠ ਗਿਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਾਰਡ ਵਿੱਚ ਕੰਮ ਸ਼ੁਰੂ ਨਹੀਂ ਕਰਵਾਇਆ ਜਾਂਦਾ, ਮੇਰਾ ਸੰਘਰਸ਼ ਜ਼ਾਰੀ ਰਹੇਗਾ। ਇਸ ਮੌਕੇ ਪਿੰਡ ਅਤੇ ਵਾਰਡ ਦੇ ਹੋਰ ਵਿਅਕਤੀ ਵੀ ਮੌਜੂਦ ਹਨ।