2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ
ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023
ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ ਹੀ ਰਾਹ ਲੱਭ ਲਿਆ ਹੈ। (Criminals found a new way to get bail from the courts) ਅਜਿਹਾ ਕਰਨ ਵਾਲੇ ਗਿਰੋਹ ਵਿੱਚ ਸ਼ਾਮਿਲ ਵਿਅਕਤੀਆਂ ‘ਚ ਆਮ ਲੋਕਾਂ ਤੋਂ ਇਲਾਵਾ ਕੁੱਝ ਨੰਬਰਦਾਰ ਅਤੇ ਹੋਰ ਮੋਹਤਬਰ ਪੁਰਸ਼ ਵੀ ਸ਼ਾਮਿਲ ਹਨ। ਅਜਿਹਾ ਹਾਲੀਆ ਵਰਤਾਰਾ ਸਿਵਲ ਜੱਜ (JD)-Cum JMIC Patiala ਦੀ ਅਦਾਲਤ ਦੀਆਂ ਫਾਈਲਾਂ ਦੀ ਫਰੋਲਾ-ਫਰਾਲੀ ਵਿੱਚੋਂ ਬਾਹਰ ਨਿੱਕਲਿਆ ਹੈ। ਪੁਲਿਸ ਨੇ ਜੱਜ ਦੇ ਰੀਡਰ ਦੀ ਸ਼ਕਾਇਤ ਦੇ ਅਧਾਰ ਪਰ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦੋ ਦਿਨਾਂ ‘ਚ ਤਿੰਨ ਵੱਖ-ਵੱਖ ਮਾਮਲਿਆਂ ‘ਚ ਨੰਬਰਦਾਰ ਸਣੇ 12 ਜਣਿਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਤਿੰਨ ਐਫ.ਆਈ.ਆਰ. ਦਰਜ਼ ਕੀਤੀਆ ਹਨ । ਜਦੋਂਕਿ ਸਾਜਿਸ਼ ‘ਚ ਸ਼ਾਮਿਲ ਹੋਰਾਂ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਨ ਲਈ ਪੁਲਿਸ ਨੇ ਖੁੱਲ੍ਹਾ ਖਾਤਾ ਯਾਨੀ (120 B IPC) ਦਾ ਰਾਹ ਰੱਖਿਆ ਹੋਇਆ ਹੈ। ਪੁਲਿਸ ਨੇ ਨਾਮਜਦ ਦੋਸ਼ੀਆਂ ਦੀ ਗਿਰਫਤਾਰੀ ਅਤੇ ਅਣਪਛਾਤਿਆਂ ਦੀ ਸ਼ਨਾਖਤ ਲਈ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਦਰਜ ਕੀਤੇ ਗਏ ਕੇਸ ‘ਚ ਕਿਸੇ ਲੋਕ ਸੇਵਕ ਦੇ ਸਾਹਮਣੇ ਝੂਠਾ ਹਲਫਨਾਮਾ,ਅਦਾਲਤ ਦੇ ਰਿਕਾਰਡ ਦੀ ਜਾਲਸਾਜੀ, ਜਾਅਲੀ ਫਰਜੀ ਦਸਤਾਵੇਜ ਤਿਆਰ ਕਰਕੇ,ਧੋਖਾਧੜੀ ਕਰਨ ਦੇ ਜ਼ੁਰਮ ਪ੍ਰਮੁੱਖ ਹਨ। ਇਹ ਜੁਰਮ ਸਾਬਿਤ ਹੋਣ ਦੀ ਸੂਰਤ ਵਿੱਚ ਦੋਸ਼ੀਆਂ ਨੂੰ 3 / 7 ਸਾਲ ਦੀ ਸਜਾ ਤੋਂ ਇਲਾਵਾ ਜੁਰਮਾਨੇ ਦਾ ਵੀ ਉਪਬੰਧ ਹੈ, ਸਜਾ ਅਤੇ ਜੁਰਮਾਨਾ ਦੋਵੇਂ ਇਕੱਠੇ ਵੀ ਹੋ ਸਕਦੇ ਹਨ। ਇਸ ਅਪਰਾਧ ਤਹਿਤ ਸਮਝੌਤਾ ਵੀ ਨਹੀਂ ਹੋ ਸਕਦਾ।
ਦਰਜ਼ ਹੋਈਆਂ ਇਹ 3 ਐਫ.ਆਈ.ਆਰ
ਥਾਣਾ ਲਾਹੌਰੀ ਗੇਟ ਵਿਖੇ ਪੁਲਿਸ ਵੱਲੋਂ ਮਾਨਯੋਗ ਅਦਾਲਤ ਸ੍ਰੀ ਪਲਵਿੰਦਰ ਸਿੰਘ, ਸਿਵਲ ਜੱਜ (JD)-Cum JMIC Patiala ਦੇ ਰੀਡਰ ਰਾਹੁਲ ਢਿਗਰਾ ਦੀ ਸ਼ਕਾਇਤ ਦੇ ਅਧਾਰ ਤੇ ਕ੍ਰਮਾਨੁਸਾਰ 113,114 ਅਤੇ 115 ਨੰਬਰ ਐਫਆਈਆਰ U/S 181/419/ 420/466/ 468/ 471/ 474/120-B IPC ਦਰਜ ਕੀਤੀਆ ਗਈਆਂ ਹਨ।
ਉਕਤ ਜਿੰਨ੍ਹਾਂ ਤਿੰਨ ਕੇਸਾਂ ਦੇ ਦੋਸ਼ੀਆਂ ਵੱਲੋਂ ਜਮੀਨ ਦੇ ਜਾਅਲੀ ਫਰਜੀ ਦਸਤਾਵੇਜਾਂ ਪੇਸ਼ ਕੀਤੇ ਗਏ ਸਨ। ਇਹ ਤਿੰਨੋਂ ਹੀ ਕੇਸ ਚੈਕ ਬਾਉਂਸ ਹੋਣ ਦੇ under Section 138 of the Negotiable Instruments Act ਤਹਿਤ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹਨ। ਪਹਿਲੇ ਕੇਸ ‘ਚ ਨਾਮਜ਼ਦ ਦੋਸ਼ੀ ਨੀਰਜ ਕੁਮਾਰ ਦੀ ਜਮਾਨਤ ਲਈ ਜਮੀਨ ਸਬੰਧੀ , ਦਸਤਾਵੇਜ ਨੀਰਜ ਕੁਮਾਰ, ਬਲਕਾਰ ਸਿੰਘ, ਰੂਪ ਸਿੰਘ, ਲਖਵਿੰਦਰ ਕੁਮਾਰ ਵੱਲੋਂ ਕੋਰਟ ਵਿੱਚ ਪੇਸ਼ ਕੀਤੇ ਗਏ । ਦੂਜੇ ਕੇਸ ਵਿੱਚ ਨਾਮਜਦ ਦੋਸ਼ੀ ਜਸਪਾਲ ਸਿੰਘ ਦੀ ਜਮਾਨਤ ਲਈ ਜਮੀਨ ਸਬੰਧੀ ਦਸਤਾਵੇਜ ਪ੍ਰੀਤ ਸੁਰਿੰਦਰ ਸਿੰਘ, ਜਸਪਾਲ ਸਿੰਘ, ਮਾਨਵਰੂਪ ਕੋਸ਼ਲ, ਰਾਕੇਸ਼ ਪਟਿਆਲਾ ਅਤੇ ਹੋਰ ਜਿੰਮੇਵਾਰ ਵਿਅਕਤੀਆਂ ਵੱਲੋਂ ਕੋਰਟ ਵਿੱਚ ਪੇਸ਼ ਕੀਤੇ ਗਏ । ਜਦੋਂਕਿ ਤੀਜੇ ਕੇਸ ‘ਚ ਨਾਮਜ਼ਦ ਦੋਸ਼ੀ ਹਰਬੰਸ ਲਾਲ ਵਾਸੀ ਹਰਿੰਦਰ ਨਗਰ ਪਟਿਆਲਾ ਦੀ ਜਮਾਨਤ ਲਈ ਹਰਬੰਸ ਲਾਲ, ਹਰਨੇਕ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਸ਼ਮਲਾ ਤਹਿ. ਨਾਭਾ, ਰੂਪ ਸਿੰਘ ਪੁੱਤਰ ਪ੍ਰੀਤਮ ਸਿੰਘ ਨੰਬਰਦਾਰ ਪਿੰਡ ਸ਼ਮਲਾ, ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਵੀ ਸੱਪਾ ਅਤੇ ਹੋਰ ਜਿੰਮੇਵਾਰ ਵਿਅਕਤੀਆਂ ਨੇ ਪੇਸ਼ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ । ਤਿੰਨੋਂ ਦੋਸ਼ੀਆਂ ਵੱਲੋਂ ਆਪਣੇ ਜਮਾਨਤੀਆਂ ਰਾਹੀਂ ਜਮੀਨ ਸਬੰਧੀ ਜੋ ਦਸਤਾਵੇਜ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ। ਉਹ ਸਾਰੇ ਦਸਤਾਵੇਜ ਦੌਰਾਨ ਏ ਪੜਤਾਲ ਜਾਅਲੀ ਫਰਜੀ ਹੀ ਨਿੱਕਲੇ ਹਨ । ਪੁਲਿਸ ਨੇ ਤਿੰਨੋਂ ਕੇਸਾਂ ਦੇ ਜਮਾਨਤੀਆਂ /ਗਵਾਹਾਂ /ਨੰਬਰਦਾਰ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਦੇ ਗਿਰੋਹ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਭਾਲ ਅਤੇ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ।