ਸੇਵਾ ਕੇਂਦਰ ਚੋਂ ਲੱਖਾਂ ਦੇ ਚੋਰ ਨੂੰ ਮਿੰਟੋ-ਮਿੰਟੀ ਦਬੋਚਣ ‘ਚ ਸਫ਼ਲ ਰਹੀ ਬਠਿੰਡਾ ਪੁਲਿਸ
ਅਸ਼ੋਕ ਵਰਮਾ , ਬਠਿੰਡਾ 18 ਜੂਨ 2023
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਬਣੇ ਮੁੱਖ ਸੇਵਾ ਕੇਂਦਰ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਕਰਨ ਵਾਲਿਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਚੋਰੀ ਕਰਨ ਵਾਲਾ ਸੇਵਾ ਕੇਂਦਰ ਦਾ ਤਕਨੀਕੀ ਮੁਲਾਜ਼ਮ ਹੀ ਨਿਕਲਿਆ ਹੈ ਜੋ ਕੇ ਅੰਦਰ ਦੀਆਂ ਗਤੀਵਿਧੀਆਂ ਦੀ ਰਗ-ਰਗ ਤੋਂ ਵਾਕਿਫ ਸੀ। ਪੁਲਸ ਵੱਲੋਂ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਗੁਰਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਭਾਈ ਮਤੀ ਦਾਸ ਨਗਰ ਬਠਿੰਡਾ ਦੇ ਤੌਰ ਤੇ ਕੀਤੀ ਗਈ ਹੈ।
਼ਕਰੀਬ 24 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਦਾ ਹੱਲ ਹੋਣ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ ਹੈ। ਇਸ ਸੇਵਾ ਕੇਂਦਰ ਦੀ ਤਿਜੋਰੀ ਵਿੱਚ ਰੱਖੇ 20 ਲੱਖ 73 ਹਜ਼ਾਰ 119 ਰੁਪਏ ਚੋਰੀ ਹੋ ਗਏ ਸਨ । ਥਾਣਾ ਸਿਵਲ ਲਾਈਨ ਪੁਲਿਸ ਨੇ ਮਨਜੀਤ ਸ਼ਰਮਾ ਪੁੱਤਰ ਸੁਰਜੀਤ ਰਾਮ ਵਾਸੀ ਪਿੰਡ ਕਾਲੇਕੇ ਜਿਲ੍ਹਾ ਬਰਨਾਲਾ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਮੁਕੱਦਮਾ ਦਰਜ ਕੀਤਾ ਸੀ। ਮਹੱਤਵਪੂਰਨ ਤੱਥ ਇਹ ਹੈ ਕਿ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਜਦੋਂ ਪੁਲਿਸ ਜਾਂਚ ਲਈ ਪਹੁੰਚੀ ਤਾਂ ਮੁਲਜ਼ਮ ਗੁਰਮੀਤ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਦੇ ਵਿਚ ਬੈਠਾ ਪੁਲੀਸ ਦੀ ਕਾਰਵਾਈ ਨੂੰ ਨੇੜਿਓਂ ਦੇਖ ਰਿਹਾ ਸੀ।
ਸੀਨੀਅਰ ਪੁਲੀਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਇਸ ਮਾਮਲੇ ਦੀ ਪੜਤਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ ਜਿਨ੍ਹਾਂ ਨੇ ਤਕਨੀਕੀ ਤੌਰ ਤੇ ਪੜਤਾਲ ਨੂੰ ਅੱਗੇ ਅੱਗੇ ਵਧਾਈ ਤਾਂ ਗੁਰਮੀਤ ਸਿੰਘ ਸ਼ੱਕ ਦੇ ਘੇਰੇ ਵਿੱਚ ਆ ਗਿਆ ਅਤੇ ਪੁਲਸ ਦੀ ਨਜ਼ਰ ਤੋਂ ਬਹੁਤੀ ਦੇਰ ਬਚ ਨਾ ਸਕਿਆ। ਥਾਣਾ ਸਿਵਲ ਲਾਈਨ ਪੁਲਸ ਨੇ ਗੁਰਮੀਤ ਸਿੰਘ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕਰ ਲਿਆ। ਅੱਜ ਐਸ ਪੀ ਸਿਟੀ ਬਠਿੰਡਾ ਨਰਿੰਦਰ ਸਿੰਘ, ਡੀਐਸਪੀ ਡੀ ਦਵਿੰਦਰ ਸਿੰਘ ਅਤੇ ਡੀ ਐਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਅੱਜ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੇ ਮੁਲਜ਼ਮ ਗੁਰਮੀਤ ਸਿੰਘ ਨੂੰ ਬਠਿੰਡਾ-ਡੱਬਵਾਲੀ ਰੋਡ ਤੇ ਓਵਰਬ੍ਰਿਜ ਲਾਗਿਓ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਦੌਰਾਨ
ਵਰਤੀ ਅਲਟੋ ਕਾਰ, ਡੀ.ਵੀ.ਆਰ, ਚੋਰੀ ਕੀਤੇ ਕਰੀਬ 18 ਲੱਖ 23 ਹਜਾਰ ਰੁਪਏ, ਤਾਲਾ ਤੇ ਸੰਗਲੀ ਬਰਾਮਦ ਕਰ ਲਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਮੁਖ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਦੱਸਣਯੋਗ ਹੈ ਕਿ ਬਠਿੰਡਾ ਦੇ ਸਭ ਤੋਂ ਵੱਧ ਸੁਰੱਖਿਆ ਵਾਲਾ ਖੇਤਰ ਮੰਨੇ ਜਾਂਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ ਬਠਿੰਡਾ ਰੇਂਜ ਦੇ ਸਭ ਤੋਂ ਵੱਡੇ ਅਫਸਰ ਏਡੀਜੀਪੀ ਦੇ ਦਫਤਰ ਸਾਹਮਣੇ ਬਣੇ ਮੁੱਖ ਸੇਵਾ ਕੇਂਦਰ ਵਿੱਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਸੀ। ਵਾਰਦਾਤ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਉਹ ਆਪਣੇ ਨਾਲ ਲਾਕਰ ਅਤੇ ਡੀਵੀਆਰ ਵੀ ਲੈ ਗਿਆ ਸੀ।ਮਿੰਨੀ ਸਕੱਤਰੇਤ ਵਿੱਚ 24 ਘੰਟੇ ਪੁਲਿਸ ਦਾ ਪਹਿਰਾ ਰਹਿੰਦਾ ਹੈ ਫਿਰ ਵੀ ਅਜਿਹੀ ਘਟਨਾ ਵਾਪਰਨ ਨੂੰ ਲੈ ਕੇ ਪੁਲਸ ਦੀ ਵੱਡੀ ਨੁਕਤਾਚੀਨੀ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਐਸਐਸਪੀ ਅਤੇ ਡੀਸੀ ਸਮੇਤ ਜ਼ਿਲ੍ਹੇ ਦੇ ਸਾਰੇ ਵੱਡੇ ਅਫ਼ਸਰਾਂ ਦੇ ਦਫ਼ਤਰ ਹਨ।
Advertisement