ਬੱਚਿਆਂ ਨੂੰ ਟ੍ਰੈਫਿਕ ਸਬੰਧੀ ਜਾਗਰੂਕ ਕਰਨ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਮਾਪੇ: ਐੱਸ. ਡੀ. ਐੱਮ
ਰਘਵੀਰ ਹੈਪੀ , ਬਰਨਾਲਾ, 14 ਜਨਵਰੀ 2023
ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਹਫਤੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੁਮਲਾ ਮਾਲਕਨ ਵਿਖੇ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਐੱਸ. ਡੀ. ਐੱਮ ਬਰਨਾਲਾ ਅਤੇ ਤਪਾ ਸ਼੍ਰੀ ਗੋਪਾਲ ਸਿੰਘ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਇਕ ਆਦਤ ਵਜੋਂ ਅਪਣਾਇਆ ਜਾਵੇ । ਉਨ੍ਹਾਂ ਕਿਹਾ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕਰਨ ਕਿਉਂਕਿ ਜੇਕਰ ਬੱਚੇ ਇਨ੍ਹਾਂ ਨਿਯਮਾਂ ਸਬੰਧੀ ਜਾਗਰੂਕ ਹੋਣਗੇ ਤਾਂ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਕਾਰ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਜ਼ਰੂਰੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ ‘ਤੇ ਹਰੀ ਬੱਤੀ ਹੋਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਵਾਹਨ ਨੂੰ ਗਲਤ ਸਾਈਡ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੱਡੀਆਂ ਪਾਰਕ ਕਰਨ ਸਮੇਂ ਵੀ ਸਹੀ ਸਥਾਨ ‘ਤੇ ਹੀ ਗੱਡੀਆਂ ਪਾਰਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਜਾਣ ਵਾਲੀ ਟਰੈਫਿਕ ਵਿੱਚ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਕੇ ਵਾਹਨ ਚਲਾਉਣਾ ਘਾਤਕ ਸਿੱਧ ਹੋ ਸਕਦਾ ਹੈ, ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਰੇਣੂ ਬਾਲਾ, ਸਕੱਤਰ ਰੈੱਡਕ੍ਰਾਸ ਸ਼੍ਰੀ ਸਰਵਣ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਅਭਿਸ਼ੇਕ ਸਿੰਗਲਾ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।