ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਗਾਥਾ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ : ਪ੍ਰੋ. ਬਡੂੰਗਰ
ਪਟਿਆਲਾ , 13 ਸਤੰਬਰ (ਬੀ.ਪੀ. ਸੂਲਰ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪੋ ਆਪਣੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਬਹਾਦਰੀ ਦੀ ਗਾਥਾ ਦੇ ਸਿਲੇਬਸ ਨੂੰ ਸ਼ਾਮਲ ਕਰ ਕੇ ਬੱਚਿਆਂ ਨੂੰ ਪੜ੍ਹਾਇਆ ਜਾਵੇ ।
ਉਨ੍ਹਾਂ ਕਿਹਾ ਕਿ 12 ਸਤੰਬਰ 1897 ਨੂੰ ਅਜੋਕੇ ਪਾਕਿਸਤਾਨ ਦੇ ਉੱਤਰ-ਪੱਛਮ ਸਰਹੱਦੀ ਪ੍ਰਾਂਤ ਦੇ ਤੀਰਾਹ ਇਲਾਕੇ ਦੇ ਸਾਰਾਗੜ੍ਹੀ ਵਿਚ ਬੜੀ ਬਹਾਦਰੀ ਨਾਲ 36ਵੀਂ ਸਿੱਖ ਬਟਾਲੀਅਨ (ਜੋ ਅੱਜ 4 ਸਿੱਖ ਬਟਾਲੀਅਨ ਵਜੋਂ ਜਾਣੀ ਜਾਂਦੀ ਹੈ ) ਦੇ 21 ਸਿੱਖ ਸਿਪਾਹੀਆਂ ਨੇ ਹੋਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 10 ਹਜ਼ਾਰ ਦੇ ਕਰੀਬ ਕਬਾਇਲੀਆਂ ਨਾਲ ਖੂਨ ਡੋਲ੍ਹਵੀਂ ਜੰਗ ਲੜੀ ਅਤੇ ਆਖ਼ਰੀ ਦਮ ਤੱਕ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪਾਈ ਪਰ ਕਬਾਇਲੀਆਂ ਅੱਗੇ ਆਪਣੇ ਹਥਿਆਰ ਨਹੀਂ ਸੁੱਟੇ ।
ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੇ ਸਿੱਖ ਸਿਪਾਹੀਆਂ ਦੀ ਬਹਾਦਰੀ ਅਤੇ ਦ੍ਰਿੜਤਾ ਨੂੰ ਦੇਖਦਿਆਂ ਹੋਇਆਂ ਹਰ ਇਕ ਸਿੱਖ ਸਿਪਾਹੀ ਨੂੰ ਵਿਕਟੋਰੀਆ ਕਰਾਸ ਤੇ ‘ਇੰਡੀਅਨ ਆਰਡਰ ਆਫ ਮੈਰਿਟ’ ਦੇ ਕੇ ਸਨਮਾਨਿਆ ਗਿਆ ਤੇ ਉਹਨਾਂ ਦੇ ਅਗਲੇ ਨੇੜੇ ਦੇ ਰਿਸ਼ਤੇਦਾਰ ਨੂੰ 500 ਰੁਪਏ ਨਕਦ ਅਤੇ ਦੋ ਮੁਰੱਬੇ (50 ਏਕੜ) ਜ਼ਮੀਨ ਦਿੱਤੀ ਗਈ। ਉਹਨਾਂ ਦੀ ਬਟਾਲੀਅਨ 36ਵੀਂ ਸਿਖਸ ਨੂੰ ਵੀ ਚੰਗੇ ਤਮਗੇ ਜਿੱਤੇ ਗਏ ਤੇ
ਉਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਸ਼ਰਧਾ ਤੇ ਸਾਮਾਨ ਭੇਟ ਕਰਨ ਵਾਸਤੇ ਬਰਤਾਨੀਆ ਦੀ ਪਾਰਲੀਮੈਂਟ ਨੇ ਖੜ੍ਹੇ ਹੋ ਕੇ 2 ਮਿੰਟ ਤੱਕ ਮੌਨ ਧਾਰਨ ਕਰਕੇ ਸ਼ਰਧਾ ਸਤਿਕਾਰ ਭੇਟ ਕੀਤਾ ਅਤੇ ਅੱਜ ਵੀ ਫਰਾਂਸ ਅਤੇ ਬਰਤਾਨੀਆ ਦੇ ਸਕੂਲਾਂ ਦੇ ਸਿਲੇਬਸ ਵਿੱਚ ਨੌਜਵਾਨ ਬੱਚਿਆਂ ਨੂੰ ਬਹਾਦਰੀ ਦੀ ਗਾਥਾ ਬਾਰੇ ਪੜ੍ਹਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਵੀ ਇਨ੍ਹਾਂ ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਗਾਥਾ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀਡ਼੍ਹੀ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ । ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਕਾਰਜਕਾਲ ਦੌਰਾਨ ਅੰਮ੍ਰਿਤਸਰ ਸਾਹਿਬ ਵਿਖੇ ਸਾਰਾਗੜ੍ਹੀ ਦੀ ਸਰਾ ਬਣਾ ਕੇ ਸਾਰਾਗੜ੍ਹੀ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਵੱਡੀ ਸ਼ਰਧਾਂਜਲੀ ਭੇਂਟ ਕੀਤੀ ਸੀ ਉਥੇ ਹੀ ਵੱਡਾ ਸਮਾਗਮ ਕਰਕੇ ਫਰਾਂਸ ਬਰਤਾਨੀਆ ਦੀ ਫ਼ੌਜ ਦੇ ਜਰਨੈਲ ਅਤੇ ਭਾਰਤੀ ਫ਼ੌਜ ਦੇ ਜਰਨੈਲ ਜੇ.ਜੇ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੀ ।