ਜਿ਼ਲ੍ਹੇ ਦੇ 80 ਹਜ਼ਾਰ 88 ਕਾਰਡ ਧਾਰਕਾਂ ਨੂੰ ਦਿੱਤਾ ਜਾ ਰਿਹੈ ਆਟਾ ਦਾਲ ਸਕੀਮ ਦਾ ਲਾਭ : ਪਰਨੀਤ ਸ਼ੇਰਗਿੱਲ
ਫ਼ਤਹਿਗੜ੍ਹ ਸਾਹਿਬ, 28 ਅਗਸਤ (ਪੀ.ਟੀ.ਨੈਟਵਰਕ )
ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਆਟਾ ਦਾਲ ਸਕੀਮ ਤਹਿਤ ਇਸ ਸਮੇਂ 80 ਹਜ਼ਾਰ 88 ਨੀਲਾ ਕਾਰਡ ਧਾਰਕ ਪਰਿਵਾਰ ਹਨ ਜਿਨ੍ਹਾਂ ਨੂੰ ਪ੍ਰਤੀ ਮੈਂਬਰ 5 ਕਿਲੋ ਕਣਕ ਹਰੇਕ ਮਹੀਨੇ ਦੇ ਹਿਸਾਬ ਨਾਲ ਵੰਡੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੱਚਤ ਭਵਨ ਵਿਖੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਛੇ ਮਹੀਨੇ ਦੀ ਇਕੱਠੀ ਕਣਕ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਹਰੇਕ ਘਰ ਵਿੱਚ ਰੋਟੀ ਮੁਹੱਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਦੇ ਲਾਭਪਾਤਰੀ ਪਰਿਵਾਰਾਂ ਦੇ ਘਰਾਂ ਤੱਕ ਆਟਾ ਮੁਹੱਈਆ ਕਰਵਾਉਣ ਲਈ ਛੇਤੀ ਹੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਹੁਣ ਕਾਰਡ ਧਾਰਕ ਪਰਿਵਾਰ ਜੇਕਰ ਚਾਹੁਣਗੇ ਤਾਂ ਉਨਾਂ ਦੇ ਘਰਾਂ ਤੱਕ ਆਟਾ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਾਰਡ ਧਾਰਕਾਂ ਨੂੰ ਆਪਣੇ ਡਿਪੂ ਹੋਲਡਰ ਕੋਲ ਇੱਕ ਫਾਰਮ ਭਰਨਾ ਪਵੇਗਾ ਜਿਸ ਤਹਿਤ ਉਹ ਕਣਕ/ਆਟਾ ਆਪਣੇ ਘਰਾਂ ਤੱਕ ਮੰਗਵਾ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋੜਵੰਦਾਂ ਦੇ ਘਰਾਂ ਤੱਕ ਇਸ ਸਕੀਮ ਦਾ ਲਾਭ ਪਹੁੰਚਾਉਣ ਦੇ ਮੰਤਵ ਨਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਲੋੜਵੰਦਾਂ ਨੂੰ ਜਰੂਰੀ ਰਾਸ਼ਨ ਲੈਣ ਲਈ ਡਿਪੂਆਂ ਦੇ ਚੱਕਰ ਨਾ ਕੱਟਣੇ ਪੈਣ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਇਸ ਸਮੇਂ ਇਨ੍ਹਾਂ 80,088 ਕਾਰਡ ਧਾਰਕ ਪਰਿਵਾਰਾਂ ਨੂੰ 10332 ਮੀਟਰਕ ਟਨ ਕਣਕ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜਿ਼ਲ੍ਹੇ ਵਿੱਚ 6850 ਮੀਟਰਕ ਟਨ ਕਣਕ ਵੰਡੀ ਜਾ ਚੁੱਕੀ ਹੈ। ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਇਹ ਸਕੀਮ ਸ਼ੁਰੂ ਹੁੰਦੀ ਹੈ ਉਸ ਦੀ ਮੁਕੰਮਲ ਰਿਪੋਰਟ ਸਬੰਧਤ ਐਸ.ਡੀ.ਐਮਜ ਨੂੰ ਵੀ ਦਿੱਤੀ ਜਾਵੇ ਤਾਂ ਜੋ ਲੋੜਵੰਦਾਂ ਤੱਕ ਸਕੀਮ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।