ਡੀ.ਟੀ.ਐਫ. ਨੇ ਅਧਿਆਪਕ ‘ਤੇ ਜਾਨਲੇਵਾ ਹਮਲੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
ਪਰਦੀਪ ਕਸਬਾ ,ਸੰਗਰੂਰ, 24 ਫਰਵਰੀ, 2022
ਬੀਤੇ ਦਿਨੀਂ ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਬਾਲਦ ਖੁੁਰਦ, ਭਵਾਨੀਗੜ੍ਹ ਦੇ ਸੁਹਿਰਦ ਅਧਿਆਪਕ ਪ੍ਰਦੀਪ ਸਿੰਘ ਉੱਤੇ, ਸਮਾਣਾ ਥਾਣੇ ਅਧੀਨ ਪੈਂਦੇ ਪਿੰਡ ਫਤਹਿਗਡ਼੍ਹ ਛੰਨਾ ਨੇਡ਼ੇ ਹੋਏ ਜਾਨਲੇਵਾ ਹਮਲੇ (ਜਿਸ ਵਿੱਚ ਸਕੂਲ ਦੇ ਕੁੱਝ ਵਿਦਿਆਰਥੀ ਵੀ ਸ਼ਾਮਿਲ ਸਨ) ਦੇ ਰਹਿੰਦੇ ਸਾਰੇ ਦੋਸ਼ੀਆਂ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਸੰਗਰੂਰ ਨੇ ਬਿਨਾਂ ਦੇਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗਡ਼੍ਹ, ਸੂਬਾਈ ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਅਤੇ ਜਿਲ੍ਹਾ ਸਕੱਤਰ ਅਮਨ ਵਸ਼ਿਸ਼ਟ ਨੇ ਕਿਹਾ ਕਿ, ਡੀ.ਟੀ.ਐੱਫ. ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਣ ਸਦਕਾ, ਭਾਵੇਂ ਕਿ ਇਰਾਦਾ ਕਤਲ ਤਹਿਤ ਪਰਚਾ ਦਰਜ ਕਰਦਿਆਂ ਪੁਲਿਸ ਵਲੋਂ ਕੁੱਝ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਪਰ ਘਟਨਾ ਨੂੰ 15 ਦਿਨ ਬੀਤਣ ਦੇ ਬਾਵਜੂਦ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਅਜੇ ਤੱਕ ਨਾਕਾਮ ਰਹੀ ਹੈ। ਦੂਜੇ ਪਾਸੇ ਪੀੜਤ ਅਧਿਆਪਕ ਬਹੁਤ ਹੀ ਗੰਭੀਰ ਹਾਲਤ ਵਿਚ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਡੀ.ਟੀ.ਐੱਫ.ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਜਾਂ ਕਿਸੇ ਤਰ੍ਹਾਂ ਦੀ ਢਿੱਲ ਵਰਤੀ ਗਈ ਤਾਂ ਇਸ ਮਾਮਲੇ ਵਿਚ ਸੰਘਰਸ਼ ਵਿੱਢਿਆ ਜਾਵੇਗਾ।
ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਗਿਰ, ਮੇਘ ਰਾਜ, ਜ਼ਿਲ੍ਹਾ ਵਿੱਤ ਸਕੱਤਰ ਸੁਖਪਾਲ ਰੋਮੀ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਮੰਗ ਕੀਤੀ ਕਿ, ਇਸ ਗੰਭੀਰ ਮਾਮਲੇ ਦੀ ਹਰੇਕ ਪੱਖੋਂ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਅਤੇ ਅਧਿਆਪਕ ਪ੍ਰਦੀਪ ਸਿੰਘ ਦੇ ਇਲਾਜ ‘ਤੇ ਹੋਣ ਵਾਲਾ ਸਾਰਾ ਖਰਚ ਅਤੇ ਪੀਡ਼ਤ ਪਰਿਵਾਰ ਨੂੰ ਬਣਦੇ ਮੁਆਵਜ਼ੇ ਲਈ ਲੋੜੀਂਦੀ ਰਾਸ਼ੀ ਪੰਜਾਬ ਸਰਕਾਰ, ਸਕੂਲ ਦੀ ਪ੍ਰਬੰਧਕ ਨਿੱਜੀ ਕੰਪਨੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾਵੇ। ਇਸ ਮੌਕੇ ਅਧਿਆਪਕ ਆਗੂ ਰਵਿੰਦਰ ਸਿੰਘ ਦਿੜ੍ਹਬਾ, ਗੁਰਜੰਟ ਸਿੰਘ ਲਹਿਲ, ਕਮਲਜੀਤ ਸਿੰਘ ਘੋੜੇਨਬ, ਦੀਨਾ ਨਾਥ, ਰਮਨ ਲਹਿਰਾ, ਮਨਜੀਤ ਸੱਭਰਵਾਲ, ਗੌਰਵਜੀਤ, ਰਾਜ ਸੈਣੀ, ਗੁਰਦੀਪ ਚੀਮਾ, ਸੁਖਬੀਰ ਸਿੰਘ ਆਦਿ ਵੀ ਹਾਜ਼ਰ ਰਹੇ।