ਇਕਾਂਤਵਾਸ ਕੋਵਿਡ ਦੇ ਮਰੀਜ਼ ਤੇ ਸ਼ੱਕੀ ਮਰੀਜ਼ ਪੋਸਟਲ ਬੈਲੇਟ ਨਾਲ ਪਾ ਸਕਣਗੇ ਵੋਟਾਂ: ਜ਼ਿਲ੍ਹਾ ਚੋਣ ਅਫ਼ਸਰ
- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ , 09 ਜਨਵਰੀ 2022
ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੇ ਨਾਲ ਹੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੈ ਤੇ ਇਸ ਦੀ ਉਲੰਘਣਾ ਬਰਦਸ਼ਤ ਨਹੀਂ ਕੀਤੀ ਜਾਵੇਗੀ ਤੇ ਉਲੰਘਣਾ ਹੋਣ ਉਤੇ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਵੋਟਾਂ ਨੂੰ ਲੈ ਕੇ ਕਰੋਨਾ ਦੇ ਮੱਦੇਨਜ਼ਰ ਵੀ ਉਚੇਚੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਕਾਂਤਵਾਸ ਕਰੋਨਾ ਦੇ ਮਰੀਜ਼ ਤੇ ਸ਼ੱਕੀ ਮਰੀਜ਼ ਪੋਸਟਲ ਬੈਲੇਟ ਨਾਲ ਆਪਣੀ ਵੋਟ ਪਾ ਸਕਣਗੇ, ਜਿਸ ਸਬੰਧੀ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਧਾਨ ਸਭਾ ਚੋਣਾਂ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਰਿਟਰਨਿੰਗ ਅਫਸਰਾਂ ਤੇ ਵੱਖ ਵੱਖ ਨੋਡਲ ਅਫਸਰਾਂ ਨੂੰ ਨਾਲ ਲੈ ਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਉਸ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।
ਚੋਣ ਸਮਾਂ ਸਾਰਣੀ ਅਨੁਸਾਰ 21 ਜਨਵਰੀ ਨੂੰ ਨੋਟੀਫੀਕੇਸ਼ਨ ਹੋਵੇਗਾ, ਜਿਸ ਪਿੱਛੋਂ 28 ਜਨਵਰੀ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। 29 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 31 ਜਨਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਫਰਵਰੀ ਨੂੰ ਤਿੰਨੋਂ ਵਿਧਾਨ ਸਭਾ ਹਲਕਿਆਂ ਅੰਦਰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ 15 ਜਨਵਰੀ ਤੱਕ ਸਿਆਸੀ ਰੈਲੀਆਂ, ਇਕੱਠਾਂ ਉੱਪਰ ਮੁਕੰਮਲ ਰੂਪ ਵਿਚ ਪਾਬੰਦੀ ਹੈ। ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ/ਮੋਟਰਸਾਈਕਲ/ਵਾਹਨ ਰੈਲੀ ਅਤੇ ਜਲੂਸ ਆਦਿ ਉਤੇ ਵੀ 15 ਜਨਵਰੀ ਤੱਕ ਪਾਬੰਦੀ ਹੈ। ਡੋਰ ਟੂ ਡੋਰ ਪ੍ਰਚਾਰ ਹੋ ਸਕਦਾ ਹੈ, ਜਿਸ ਸਬੰਧੀ ਉਮੀਦਵਾਰ ਸਮੇਤ 05 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਜ਼ਿਲ੍ਹੇ ਵਿੱਚ ਸਟੈਟਿਕ ਸਰਵੀਲੈਂਸ ਟੀਮਾਂ, ਵਿਡੀਓ ਟੀਮਾਂ, ਫਲਾਇੰਗ ਸਕੂਐਡ ਟੀਮਾਂ ਕਾਰਜ਼ਸੀਲ ਹਨ। ਪੁਲਿਸ ਤੇ ਆਬਕਾਰੀ ਵਿਭਾਗ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਚੋਣ ਪ੍ਰਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਦੌਰਾਨ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਕੋਵਿਡ ਵਾਰੀਅਰ ਐਲਾਨਿਆ ਗਿਆ ਹੈ ਤੇ ਉਨ੍ਹਾਂ ਨੂੰ ਵੈਕਸੀਨੇਸ਼ਨ ਤਹਿਤ ਬੂਸਟਰ ਡੋਜ਼ ਵੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫਾਰਮ ਆਨਲਾਈਨ ਵੀ ਸੀਈਓ/ਡੀਈਓ ਦੀ ਵੈਬਸਾਈਟ ਉਤੇ ਉਪਲੱਬਧ ਹੈ ਤੇ ਆਨਲਾਈਨ ਵੀ ਭਰਿਆ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਕਿਹਾ ਕਿ ਸੀ.ਵਿਜਲ ਐਪ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿਸ ਰਾਹੀਂ ਲੋਕ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ, ਤਸਵੀਰ ਆਦਿ ਭੇਜ ਸਕਦੇ ਹਨ। ਇਸ ਐਪ ਜ਼ਰੀਏ ਮਿਲਣ ਵਾਲੀ ਸ਼ਿਕਾਇਤ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ‘ਪੇਡ ਨਿਊਜ਼’ (ਮੁੱਲ ਦੀਆਂ ਖ਼ਬਰਾਂ) ਦੇ ਮਾੜੇ ਰੁਝਾਨ ਦੀ ਰੋਕਥਾਮ ਲਈ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਮੀਡੀਆ ਦੇ ਪ੍ਰਤੀਨਿਧਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਮੀਡੀਆ ਵਿੱਚ ਪੈਸੇ ਦੇ ਕੇ ਮਤਦਾਤਾਵਾਂ ਨੂੰ ਭਰਮਾਉਣ ਹਿੱਤ ਲਵਾਈਆਂ ਜਾਂਦੀਆਂ ਖ਼ਬਰਾਂ ਨੂੰ ਅਨੈਤਿਕ ਕਰਾਰ ਦਿੰਦਿਆਂ ਇਸ ਨੂੰ ਰੋਕਣ ਲਈ ਬਹੁਤ ਸਾਰੇ ਯਤਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਮੀਡੀਆ ਸਰਟੀਫ਼ਿਕੇਸ਼ਨ ਤੇ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ ਜਿਸ ਜ਼ਰੀਏ ਸ਼ੱਕੀ ‘ਪੇਡ ਨਿਊਜ਼’ ਮਿਲਣ ’ਤੇ ਤੁਰੰਤ ਸਬੰਧਤ ਉਮੀਦਵਾਰ/ਪਾਰਟੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਰਿਟਰਨਿੰਗ ਅਫ਼ਸਰ ਪਾਸੋਂ ਨੋਟਿਸ ਮਿਲਣ ਬਾਅਦ ਉਮੀਦਵਾਰ ਨੂੰ 48 ਘੰਟੇ ਵਿੱਚ ਜਵਾਬ ਦੇਣਾ ਪਵੇਗਾ। ਜਵਾਬ ਨਾ ਆਉਣ ’ਤੇ ਇਸ ਨੂੰ ‘ਪੇਡ ਨਿਊਜ਼’ ਮੰਨ ਲਿਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਖਰਚ ਉਮੀਦਵਾਰ ਦੇ ਖਾਤੇ ਵਿੱਚ ਪਾ ਕੇ, ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ (ਸਮੇਤ ਆਨ ਲਾਈਨ ਪੇਪਰ, ਰੇਡੀਓ, ਟੀ.ਵੀ., ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ ਤੇ ਬਲਕ/ਵਾਇਸ ਮੈਸੇਜਿਜ਼ ਆਨ ਮੋਬਾਇਲ) ਵਾਸਤੇ ਉਮੀਦਵਾਰ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰੀ-ਸਰਟੀਫ਼ਿਕੇਸ਼ਨ ਲਾਜ਼ਮੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਕੇਬਲ ਅਪਰੇਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਰਾਜਸੀ ਪਾਰਟੀ/ਉਮੀਦਵਾਰ ਦਾ ਰਾਜਸੀ ਇਸ਼ਤਿਹਾਰ ਚਲਾਉਣ ਤੋਂ ਪਹਿਲਾਂ ਉਸ ਪਾਸੋਂ ਅਜਿਹੀ ਪ੍ਰਵਾਨਗੀ ਦੀ ਕਾਪੀ ਜ਼ਰੂਰ ਪ੍ਰਾਪਤ ਕਰਨ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਏ.ਡੀ.ਸੀ. ਸ਼੍ਰੀਮਤੀ ਅਨੀਤਾ ਦਰਸ਼ੀ, ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਿਮਾਂਸ਼ੂ ਗੁਪਤਾ, ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਬਸੀ ਪਠਾਣਾਂ ਯਸ਼ਪਾਲ ਸ਼ਰਮਾ, ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਅਮਲੋਹ ਸ਼੍ਰੀਮਤੀ ਜੀਵਨਜੋਤ ਕੌਰ ਸਮੇਤ ਵੱਖ ਵੱਖ ਅਧਿਕਾਰੀ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।