ਪ੍ਰਿੰਸੀਪਲ ਦਾ ਸੁਣਿਆ ਫੁਰਮਾਨ , ਮਾਪੇ ਤੇ ਅਧਿਆਪਕਾਂ ਚ, ਪਿਆ ਘਮਸਾਣ
ਕਰਫਿਊ ਦੀਆਂ ਬੰਦਸ਼ਾਂ ਤੋੜ ਸਕੂਲ ਚ, ਪਹੁੰਚੇ ਮਾਪੇ ,ਸਕੂਲ ਪਰਬੰਧਕਾਂ ਖਿਲਾਫ ਕੀਤੀ ਜੰਮ ਕੇ ਨਾਰੇਬਾਜ਼ੀ
ਹਰਿੰਦਰ ਨਿੱਕਾ ਬਰਨਾਲਾ, 12 ਅਪ੍ਰੈਲ 2020
ਬਰਨਾਲਾ-ਰਾਏਕੋਟ ਰੋਡ ਤੇ ਪੈਂਦੇ ਪਿੰਡ ਸੰਘੇੜਾ ਦੇ ਨਜ਼ਦੀਕ ਕਰੀਬ ਇੱਕ ਦਹਾਕਾ ਪਹਿਲਾਂ ਕਰੋੜਾਂ ਰੁਪਏ ਦੀ ਇਮਾਰਤ ਤਿਆਰ ਕਰਕੇ ਬੜੀ ਧੂਮ-ਧੜੱਕੇ ਨਾਲ ਖੋਹਲੇ ਤਕਸ਼ਿੱਲਾ ਸਕੂਲ ਨੂੰ ਬੰਦ ਕਰ ਦੇਣ ਦਾ ਇੱਕ ਵਟਸਅੱਪ ਮੈਸਜ ,ਕੋਰੋਨਾ ਵਾਇਰਸ ਦੀ ਤਰਾਂ ਹੀ ਇਲਾਕੇ ਵਿੱਚ ਫੈਲ ਗਿਆ। ਸਕੂਲ ਚ, ਪੜ੍ਹਦੇ ਬੱਚਿਆਂ ਦੇ ਚਿੰਤਿਤ ਮਾਪੇ ਤੇ ਅਧਿਆਪਕ ਕਰਫਿਊ ਦੀਆਂ ਸਾਰੀਆਂ ਬੰਦਸ਼ਾਂ ਤੋੜ ਕੇ ਸਕੂਲ ਵਿੱਚ ਇਕੱਠੇ ਹੋ ਗਏ । ਮਾਪਿਆਂ ਤੇ ਸਕੂਲ ਅਧਿਆਪਕਾਂ ਦੀ ਚਿੰਤਾ ਚ, ਜਿਆਦਾ ਵਾਧਾ ਸਕੂਲ ਦੀ ਪ੍ਰਿੰਸੀਪਲ ਪੂਜਾ ਕੌਸ਼ਿਕ ਨੇ ਫੋਨ ਰਿਸੀਵ ਨਾ ਕਰਕੇ ਕਰ ਦਿੱਤਾ। ਲੋਕਾਂ ਚ, ਫੈਲੀ ਇਸ ਅਫਵਾਹ ਦਾ ਖੰਡਨ ਕਰਨ ਲਈ ਸਕੂਲ ਮੈਨੇਜਮੈਂਟ ਦਾ ਕੋਈ ਵੀ ਮੈਂਬਰ ਜਾਂ ਅਧਿਕਾਰੀ ਲੋਕਾਂ ਦਾ ਦੁੱਖ ਵੰਡਾਉਣ ਲਈ ਨਹੀਂ ਬਹੁੜਿਆ। ਇੱਨਾਂ ਹੀ ਨਹੀਂ , ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਲੋਕਾਂ ਤੇ ਅਚਾਣਕ ਟੁੱਟੇ ਪਹਾੜ ਵਰਗੇ ਦੁੱਖ ਤੇ 2 ਬੋਲ ਹਮਦਰਦੀ ਦੀ ਮੱਲ੍ਹਮ ਦੇ ਲਾਉਣ ਵੀ ਨਹੀਂ ਪਹੁੰਚਿਆ । ਭੜ੍ਹਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਹਾਲਤ ਇਹ ਬਣ ਗਏ ਕਿ ਪਹਿਲਾਂ ਤੋਂ ਹੀ ਘਰਾਂ ਅੰਦਰ ਵੜ ਕੇ ਲੌਕਡਾਉਣ ਦੀ ਤਕਲੀਫ ਹੰਡਾ ਰਹੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਅਚਾਣਕ ਬੰਦ ਹੋਈ ਪੜ੍ਹਾਈ ਨੇ ਚੌਗੁਣਾ ਹੋਰ ਵਧਾ ਦਿੱਤਾ। ਸੰਘੇੜਾ ਦੇ ਰਹਿਣ ਵਾਲੇ ਰਾਜੂ ਔਲਖ ਨੇ ਭਰੇ ਮਨ ਨਾਲ ਕਿਹਾ ਕਿ ਸਕੂਲ ਵਾਲਿਆਂ ਨੇ ਮਾਪਿਆਂ ਤੋਂ ਬੱਚਿਆਂ ਦੀਆਂ ਕਿਤਾਬਾਂ ਦੇ 4/4 ਹਜ਼ਾਰ ਰੁਪਏ ਤੇ ਲੱਖਾਂ ਰੁਪਏ ਫੀਸਾਂ ਦੇ ਵਸੂਲ ਕੇ ਜੇਬਾਂ ਚ, ਪਾ ਲਏ। ਹੁਣ ਉਸ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਕਿ ਉਹ ਆਪਣੇ ਬੱਚਿਆਂ ਨੂੰ ਹੋਰ ਕਿਹੜੇ ਸਕੂਲ ਚ, ਦਾਖਿਲ ਕਰਵਾਏਗਾ।
* ਕਦੇ ਸੁਪਨੇ ਚ, ਵੀ ਨਹੀਂ ਸੀ ਸੋਚਿਆ ਕਿ ਇੱਨ੍ਹਾਂ ਵੱਡਾ ਸਕੂਲ ਇੱਕ ਵਟਸਅੱਪ ਮੈਸਜ ਨਾਲ ਹੀ ਬੰਦ ਹੋ ਜਾਵੇਗਾ
ਭੱਦਲਵੱਢ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਕਿਹਾ ਕਿ ਉਸ ਦੀ ਬੇਟੀ ਕਰੀਬ ਪੰਜ ਵਰ੍ਹਿਆਂ ਤੋਂ ਇਸੇ ਸਕੂਲ ਚ, ਪੜ੍ਹ ਰਹੀ ਸੀ। ਉਸ ਨੇ ਕਦੇ ਸੁਪਨੇ ਚ, ਵੀ ਨਹੀਂ ਸੀ ਸੋਚਿਆ ਕਿ ਇੱਨ੍ਹਾਂ ਵੱਡਾ ਸਕੂਲ ਇੱਕ ਵਟਸਅੱਪ ਮੈਸਜ ਨਾਲ ਹੀ ਬੰਦ ਹੋ ਜਾਵੇਗਾ। ਸ਼ੁੱਕਰਵਾਰ ਤੱਕ ਤਾਂ ਸਕੂਲ ਵਾਲੇ ਬੱਚਿਆਂ ਦੀ ਆੱਨ ਲਾਈਨ ਪੜ੍ਹਾਈ ਵੀ ਕਰਵਾਉਂਦੇ ਰਹੇ ਹਨ। ਬਹੁਤ ਹੀ ਭਾਵੁਕ ਲਹਿਜ਼ੇ ਵਿੱਚ ਉਸ ਨੇ ਕਿਹਾ ਕਿ ਬੇਟੀ ਸਕੂਲ ਬੰਦ ਹੋਣ ਦਾ ਕਾਰਣ ਪੁੱਛਦੀ ਐ। ਮੈਂ ਉਹ ਨੂੰ ਕੀ ਦੱਸਾਂ, ਜਦੋਂ ਮੈਨੂੰ ਖੁਦ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਸਭ ਕੁਝ, ਇੱਕ ਦਮ ਕਿਵੇਂ ਹੋ ਗਿਆ। ਉਸ ਨੇ ਕਿਹਾ ਕਿ ਮਾਪਿਆਂ ਦੇ ਇਲਾਵਾ ਕੋਮਲ ਮਨ ਦੇ ਬੱਚਿਆਂ ਤੇ ਇਸ ਦਾ ਕਿੰਨ੍ਹਾਂ ਗਹਿਰਾ ਅਸਰ ਪਵੇਗਾ,ਇਹ ਪੀੜਾ ਤਾਂ ਬੱਚਿਆਂ ਵਾਲੇ ਹੀ ਮਹਿਸੂਸ ਕਰ ਸਕਦੇ ਨੇ, ਪਤਾ ਨਹੀਂ ਕਿਉਂ, ਸਕੂਲ ਵਾਲਿਆਂ ਨੇ ਇੱਨਾਂ ਨਿਰਦਈਪੁਣਾ ਕਰਕੇ ਲੋਕਾਂ ਨੂੰ ਅੱਧ ਵਿਚਾਲੇ ਡੋਬ ਦਿੱਤਾ। ਲੰਬਾ ਹੌਂਕਾ ਭਰਦਿਆਂ ਉਹ ਨੇ ਕਿਹਾ ਕਿ ਰੱਬ ਕਰਕੇ ਇਹ ਅਫਵਾਹ ਹੀ ਨਿੱਕਲ ਜਾਵੇ। ਉਸ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਦਾ ਫੋਨ ਅਟੈਂਡ ਨਾ ਕਰਨਾ, ਹੋਰ ਵੀ ਦੁੱਖਦਾਈ ਹੈ। ਇਹ ਦਰਦ ਸਿਰਫ ਦੋ ਬੱਚਿਆਂ ਦੇ ਮਾਪਿਆਂ ਦਾ ਹੀ ਨਹੀਂ, ਸਕੂਲ ਚ, ਦਾਖਿਲਾ ਲੈ ਚੁੱਕੇ ਕਰੀਬ 350 ਜਣਿਆਂ ਦਾ ਸਾਂਝਾ ਹੈ।
ਸਕੂਲ ਅਧਿਆਪਕ ਰਿਤੂ ਬਾਲਾ, ਅਮਨ,ਸੰਦੀਪ,ਮੋਨਿਕਾ,ਪ੍ਰਿਆ, ਗੁਰਪ੍ਰੀਤ, ਅਵਤਾਰ ਸਿੰਘ ਤੇ ਨਵਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਬੰਦ ਹੋਣ ਦੀ ਗੱਲ ਕੋ-ਆਰਡੀਨੇਟਰ ਭਿੰਦਰਜੀਤ ਕੌਰ ਨੇ ਫੋਨ ਕਰਕੇ ਦੱਸੀ। ਨਾਲ ਹੀ ਉਸ ਨੇ ਨੌਕਰੀ ਤੋਂ ਅਸਤੀਫਾ ਭੇਜਣ ਨੂੰ ਵੀ ਕਿਹਾ, ਇਹ ਦੋ ਵੱਖ ਵੱਖ ਤਰਾਂ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਦੁਚਿੱਤੀ ਚ, ਪਾ ਦਿੱਤਾ ਕਿ ਇਹ ਸਭ ਕੀ ਹੋ ਰਿਹਾ ਹੈ। ਇੱਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਸਕੂਲ ਚ, ਅਧਿਆਪਕ ਤੇ ਹੋਰ ਸਟਾਫ ਸਣੇ ਕਰੀਬ 40 ਕਰਮਚਾਰੀ ਨੌਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਕਰਮਚਾਰੀ ਨੂੰ ਬਕਾਇਦਾ 1 ਮਹੀਨੇ ਦਾ ਨੋਟਿਸ ਦੇਣਾ ਹੁੰਦਾ। ਪਰ ਇਸ ਤਰਾਂ ਤੇ ਕੋਈ ਛੋਟੀ-ਮੋਟੀ ਦੁਕਾਨ ਵਾਲਾ ਵੀ ਦੁਕਾਨ ਬੰਦ ਨਹੀਂ ਕਰਦਾ। ਅਧਿਆਪਕ ਤੇ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਨੂੰ ਸਕੂਲ ਇਸ ਤਰਾਂ ਬੰਦ ਕਰਨ ਤੋਂ ਰੋਕਿਆ ਜਾਵੇ। ਸਕੂਲ ਅਧਿਆਪਕਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਸੂਚਨਾ ਈਮੇਲ ਦੇ ਜਰੀਏ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵੀ ਦੇ ਦਿੱਤੀ, ਪਰ ਉਹਨਾਂ ਦਾ ਕੋਈ ਵੀ ਰਿਪਲਾਈ ਜਾਂ ਰਿਸਪੌਂਸ ਫਿਲਹਾਲ ਨਹੀਂ ਆਇਆ। ਉੱਧਰ ਜਦੋਂ ਇਸ ਮਸਲੇ ‘ਤੇ ਗੱਲ ਕਰਨ ਲਈ , ਸਕੂਲ ਦੀ ਪ੍ਰਿੰਸੀਪਲ ਪੂਜਾ ਕੌਸ਼ਿਕ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ ਅਤੇ ਕੋਈ ਸਕੂਲ ਪ੍ਰਬੰਧਕ ਵੀ ਸਕੂਲ ਦਾ ਪੱਖ ਰੱਖਣ ਲਈ ਅੱਗੇ ਨਹੀਂ ਆਇਆ।
ਅਸੀਂ ਤੁਹਾਨੂੰ ਇਹ ਸੂਚਿਤ ਕਰਦੇ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਕਾਰਣ ਐਮਰਜੈਂਸੀ ਹਾਲਤ ਚ, ਬੀਮਾਰੀ ਦੇ ਫੈਲਾਅ ਨੂੰ ਧਿਆਨ ਚ, ਰੱਖਦੇ ਹੋਏ, ਅਪ੍ਰੈਲ 15, 2020 ਤੋਂ ਅਧਿਕਾਰਤ ਤੌਰ ਤੇ ਗਰਮੀ ਦੀ ਬਰੇਕ,ਛੁੱਟੀਆਂ ਦਾ ਐਲਾਨ ਕਰਦੇ ਹਾਂ। ਸਕੂਲ ਇਸ ਸਮੇਂ ਤੋਂ ਜਾਂ ਸਰਕਾਰ ਦੀ ਅਗਲੀ ਨੋਟੀਫਿਕੇਸ਼ਨ ਤੱਕ ਬੰਦ ਰਹੇਗਾ। ਘਰ ਰਹੋ ਸੁਰੱਖਿਅਤ ਰਹੋ।
ਮੂੰਹ ਅੱਡੀ ਖੜ੍ਹੇ ਕੁਝ ਸਵਾਲ
ਲੌਕਡਾਉਣ ਕਰਕੇ ਸਾਰੇ ਸਕੂਲ ਬੰਦ ਨੇ,ਇਸ ਬੰਦ ਹੋ ਰਹੇ ਸਕੂਲ ਦੇ ਬੱਚਿਆਂ ਦੀ ਪੜਾਈ ਦਾ ਕੀ ਬਣੇਗਾ?