ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾ ਕੇ ਕੀਤਾ ਜਾ ਸਕਦਾ ਹੈ ਛੋਟਾ ਪਰਿਵਾਰ ਪਲਾਨ – ਡਾ. ਕਵਿਤਾ ਸਿੰਘ
ਬੀ ਟੀ ਐੱਨ , ਫ਼ਾਜ਼ਿਲਕਾ 11 ਜੁਲਾਈ 2021
ਵਿਸ਼ਵ ਆਬਾਦੀ ਦਿਵਸ ਮੌਕੇ ਤੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦੀ ਆਬਾਦੀ ਲਗਭਗ 135 ਕਰੋੜ ਹੈ। ਸਾਡੇ ਕੋਲ ਦੁਨੀਆ ਵਸੋਂ ਯੋਗ ਜ਼ਮੀਨ ਸਿਰਫ਼ 2% ਹੈ ਤੇ ਆਬਾਦੀ 20%, ਇਸੇ ਤਰਾਂ ਪੀਣ ਯੋਗ ਪਾਣੀ ਸਾਡੇ ਕੋਲ ਸਿਰਫ਼ 4 % ਹੈ ਤੇ ਆਬਾਦੀ 20%, ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਹਾਲਤ ਕਿਸ ਤਰਾਂ ਦੀ ਹੈ ਤੇ ਭਵਿੱਖ ਵਿਚ ਕਿਸ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਸ਼ਾਇਦ ਅੱਜ ਸਾਨੂੰ ਅਹਿਸਾਸ ਹੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਬੇਰੋਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗ਼ਰੀਬੀ, ਕੱਟੜ੍ਹਤਾ ਆਦਿ ਹਰ ਸਮੱਸਿਆ ਦਾ ਮੂਲ ਕਾਰਨ ਵਧਦੀ ਜਾ ਰਹੀ ਆਬਾਦੀ ਹੈ। ਜੇ ਅਸੀਂ ਮਹਾਮਾਰੀ ਦੇ ਦੌਰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੂਸਰੀ ਲਹਿਰ ਵੇਲੇ ਹਸਪਤਾਲਾਂ ਵਿਚ ਬੈਡਾਂ ਦੀ ਕਮੀ ਤੋਂ ਸਹਿਜੇ ਹੀ ਜ਼ਾਹਿਰ ਹੁੰਦਾ ਕਿ ਅਸੀਂ ਐਹੋ ਜਿਹੀ ਸਥਿਤੀ ਲਈ ਕਿੰਨੇ ਕੁ ਤਿਆਰ ਹਾਂ।
ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਵਿਚ ਵੀ ਇਹ ਗੱਲ ਸਾਬਿਤ ਹੋ ਗਈ ਕੇ ਅਮਰੀਕਾ ਨੇ ਲਗਭਗ 35 ਕਰੋੜ ਅਪਣੇ ਲੋਕਾਂ ਨੂੰ ਵੈਕਸੀਨੇਟ ਕਰ ਦਿੱਤਾ। ਭਾਰਤ ਵਿਚ ਵੀ ਲਗਭਗ 35 ਕਰੋੜ ਲੋਕਾਂ ਨੂੰ ਵੈਕਸੀਨੇਟ ਕਰ ਦਿੱਤਾ ਗਿਆ ਹੈ ਪਰ ਸਾਡੀ ਆਬਾਦੀ 135 ਕਰੋੜ ਹੈ ਤੇ ਸਾਨੂੰ ਅਜੇ ਬਹੁਤ ਮਿਹਨਤ ਤੇ ਵਸੀਲਿਆਂ ਦੀ ਜ਼ਰੂਰਤ ਪੈਣੀ ਹੈ। ਇਸ ਕਰਕੇ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ।
ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਕਵਿਤਾ ਸਿੰਘ ਨੇ ਦੱਸਿਆ ਕਿ 27 ਜੂਨ ਤੋਂ 24 ਜੁਲਾਈ ਤੱਕ ਇਕ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਗਈ ਹੈ। ਜਿਸ ਵਿਚ 27 ਜੂਨ ਤੋਂ 10 ਜੁਲਾਈ ਤੱਕ ਯੋਗ ਜੋੜਿਆਂ ਦੀ ਪਹਿਚਾਣ ਕਰਨਾ ਅਤੇ ਉਹਨਾਂ ਨੂੰ ਜਾਗਰੂਕ ਕਰਨਾ ਸੀ। ਅੱਜ 11 ਜੁਲਾਈ ਤੋਂ 24 ਜੁਲਾਈ ਤੱਕ ਉਹਨਾਂ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਪੀ ਪੀ ਆਈ ਯੂ ਸੀ ਅਤੇ ਨਲਬੰਦੀ/ ਨਸਬੰਦੀ ਆਦਿ ਤਰੀਕੇ ਉਪਲਬਧ ਕਰਵਾਏ ਜਾਣਗੇ। ਡਾ. ਕਵਿਤਾ ਨੇ ਕਿਹਾ ਕੇ ਕਿਸੇ ਵੀ ਕਿਸਮ ਦੀ ਪਰਿਵਾਰ ਨਿਯੋਜਨ ਸੰਬੰਧੀ ਸਲਾਹ ਅਤੇ ਸੇਵਾਵਾਂ ਲਈ ਨੇੜੇ ਦੇ ਸਿਹਤ ਕੇਂਦਰ, ਹਸਪਤਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਐੱਲ ਐੱਚ ਵੀ ਦਵਿੰਦਰ ਕੌਰ, ਕ੍ਰਿਸ਼ਨਾ ਰਾਣੀ ਏ. ਐਨ. ਐਮ. ਆਸ਼ਾ ਵਰਕਰ ਅਤੇ ਮੋਹਿੰਦਰ ਕੁਮਾਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।