ਮੌਜੂਦਾ ਸਾਲ ਦੌਰਾਨ ਜ਼ਿਲ੍ਹੇ ’ਚ ਝੋਨੇ ਦੀ ਸਿੱਧੀ ਬਿਜਾਈ ਹੇਠ 55400 ਹੈਕਟੇਅਰ ਰਕਬੇ ਦਾ ਟੀਚਾ
ਹਰਪ੍ਰੀਤ ਕੌਰ, ਸੰਗਰੂਰ, 4 ਮਈ 2021
ਝੋਨੇ ਦੀ ਖੇਤੀ ਵਿੱਚ ਦਿਨੋਂ-ਦਿਨ ਵਧਦੇ ਖੇਤੀ ਖਰਚਿਆਂ ਨੂੰ ਘਟਾਉਣ ਲਈ ਝੋਨੇ ਦੀ ਡਰਿੱਲ ਨਾਲ ਸਿੱੱਧੀ ਬਿਜਾਈ ਇੱਕ ਬਹੁਤ ਹੀ ਕਾਰਗਰ ਤਕਨੀਕ ਸਿੱਧ ਹੋ ਰਹੀ ਹੈ। ਜਿਸ ਨਾਲ ਜਿੱਥੇ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਕਿਸਾਨਾਂ ਦੇ ਝੋਨੇ ’ਤੇ ਹੋਣ ਵਾਲੇ ਖੇਤੀ ਖਰਚਿਆਂ ਵਿੱਚ ਅੰਦਾਜ਼ਨ 3,000/-ਰੁਪਏ ਪ੍ਰਤੀ ਏਕੜ ਤੱਕ ਦੀ ਕਟੌਤੀ ਹੁੰਦੀ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਬਦੌਲਤ ਇਹ ਤਕਨੀਕ ਕਿਸਾਨਾਂ ਵਿੱਚ ਦਿਨੋਂ-ਦਿਨ ਮਕਬੂਲ ਹੁੰਦੀ ਜਾ ਰਹੀ ਹੈ, ਅਤੇ ਇਸ ਤਕਨੀਕ ਨੂੰ ਅਪਣਾਉਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੱਕ ਏਕੜ ਲਈ 8 ਤੋਂ 10 ਕਿਲੋ ਬੀਜ ਨੂੰ 8 ਤੋਂ 12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਛਾਂ ਵਿੱਚ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸਪਰਿੰਟ 75 ਡਬਲਿਊ.ਐਸ (ਮੈਨਕੋਜੈਬ+ਕਾਰਬੈਂਡਾਜਿਨ) ਨਾਲ ਸੋਧ ਕਰਕੇ ਝੋਨਾ ਬੀਜਣ ਵਾਲੀ ਡਰਿੱਲ ਨਾਲ 3 ਤੋਂ 4 ਸੈਂਟੀਮੀਟਰ ਡੂੰਘਾਈ ’ਤੇ ਬਿਜਾਈ ਕਰਨੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਬਚਾਓ ਮੁਹਿੰਮ ਚਲਾਈ ਗਈ ਸੀ ਉਸ ਦੇ ਵੀ ਬੜੇ ਚੰਗੇ ਅਤੇ ਸਾਰਥਿਕ ਨਤੀਜੇ ਸਾਹਮਣੇ ਆਏ ਸਨ ਅਤੇ ਜ਼ਿਲ੍ਹੇ ਵਿੱਚ ਲੱਗਭੱਗ 27,680 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਇਸ ਸਾਲ ਵੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਸੰਗਰੂਰ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ 55,400 ਹੈਕਟੇਅਰ ਰਕਬੇ ਦਾ ਟੀਚਾ ਪ੍ਰਾਪਤ ਹੋਇਆ ਹੈ ਜਿਸ ਦੀ ਪੂਰਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਲਗਾਤਾਰ ਕਿਸਾਨਾਂ ਨਾਲ ਨਿੱਜੀ ਪੱਧਰ ’ਤੇ ਤਾਲਮੇਲ ਕਰਕੇ ਉਪਰਾਲੇ ਕੀਤੇ ਜਾ ਰਹੇ ਹਨ।