ਰਘਬੀਰ ਹੈਪੀ/ ਅਦੀਸ਼ ਗੋਇਲ, ਬਰਨਾਲਾ 3 ਮਈ 2021
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਚ’ ਵਧ ਰਹੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੂਬੇ ਭਰ ਵਿਚ 3 ਮਈ ਤੋਂ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਜਿਸਦੇ ਚਲਦਿਆਂ ਸੂਬੇ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਦੇ ਲਈ ਗ਼ੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਹੀ ਜ਼ਰੂਰੀ ਵਸਤਾਂ ਜਿੱਦਾਂ ਕਿ ਮੈਡੀਕਲ ਸੇਵਾਵਾਂ, ਕਰਿਆਨਾ ਦੁਕਾਨ, ਦੁੱਧ, ਫਰੂਟ, ਸਬਜ਼ੀ, ਪੈਟਰੋਲ ਪੰਪ ਸਮੇਤ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ।
ਸੂਬਾ ਸਰਕਾਰ ਦੇ ਗ਼ੈਰ ਜ਼ਰੂਰੀ ਬਸਤਾ ਦੁਕਾਨਾਂ ਬੰਦ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸੋਮਵਾਰ ਸਵੇਰੇ ਖੁੱਲ੍ਹੀਆਂ ਵੱਖ ਵੱਖ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਤੇ ਪੁਲਸ ਪ੍ਰਸ਼ਾਸਨ ਵਲੋਂ ਬੰਦ ਕਰਵਾਈਆਂ ਫਿਰ ਦੁਕਾਨਾਂ ਤੋਂ ਬਾਅਦ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਵੱਲੋਂ ਇਕੱਠੇ ਹੋ ਕੇ ਸਦਰ ਬਾਜ਼ਾਰ ਬਰਨਾਲਾ ਦੇ ਛੱਤਾ ਖੂਹ ਦੇ ਕੋਲ ਧਰਨਾ ਲਗਾ ਦਿੱਤਾ ਅਤੇ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ।ਇਸ ਮੌਕੇ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਨਿਲ ਬਾਂਸਲ ਨਾਣਾ, ਵਪਾਰ ਮਹਾਸੰਘ ਦੇ ਪ੍ਰਧਾਨ ਨੀਰਜ ਜਿੰਦਲ, ਐੱਮ ਸੀ ਹੇਮਰਾਜ ਗਰਗ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕਾਂਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਸਮੇਤ ਵੱਖ ਵੱਖ ਆਗੂ ਹਾਜ਼ਰ ਹੋਏ।ਜਿਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਸੰਘਰਸ਼ ਦੇ ਵਿਚ ਉਨ੍ਹਾਂ ਦੇ ਨਾਲ ਚੱਲਣ ਦੀ ਹਮਾਇਤ ਕੀਤੀ ਗਈ।
ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ ਨੌਂ ਵਜੇ ਸ਼ਹਿਰ ਦੇ ਤਮਾਮ ਬਾਜ਼ਾਰ ਖੋਲ੍ਹੇ ਜਾਣਗੇ। ਜੇਕਰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ ਅਤੇ ਧਰਨਾ ਲਗਾਇਆ ਜਾਵੇਗਾ।
ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਐਮਸੀ ਹੇਮਰਾਜ ਗਰਗ ਨੇ ਕਿਹਾ ਕਿ ਵਪਾਰੀ ਪਿਛਲੇ ਇਕ ਸਾਲ ਤੋਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਰਜ਼ਾ ਸਿਰ ਚੜ੍ਹ ਰਿਹਾ ਹੈ। ਜਿਸ ਕਾਰਨ ਵਪਾਰੀ ਤੰਗ ਹਨ ਅਤੇ ਉੱਤੋਂ ਦੀ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਲਗਾ ਕੇ ਵਪਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਜੇਕਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਧੱਕਾਸ਼ਾਹੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਕੀਤਾ ਜਾਵੇਗਾ।
ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਵਪਾਰ ਮਹਾਸੰਘ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਉਹ ਵਪਾਰੀਆਂ ਦੇ ਨਾਲ ਹਨ ਅਤੇ ਵਪਾਰੀਆਂ ਆਉਣ ਵਾਲੀ ਹਰ ਮੁਸ਼ਕਲ ਦੇ ਨਾਲ ਉਨ੍ਹਾਂ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਆਉਣ ਵਾਲੀ ਹਰ ਮੁਸ਼ਕਲ ਦਾ ਹੱਲ ਕਰਵਾਇਆ ਜਾਵੇਗਾ ਅਤੇ ਸੰਘਰਸ਼ ਕੀਤਾ ਜਾਵੇਗਾ।