ਸਰਕਾਰ ਵੱਲੋਂ ਪੇਡਾ ਰਾਹੀਂ ਦਿੱਤੀ ਸਬਸਿਡੀ ਨਾਲ ਲਾਈਆਂ ਜਾ ਚੁੱਕੀਆਂ ਹਨ 1600 ਲਾਈਟਾਂ
103 ਪਿੰਡਾਂ ਵਿੱਚ ਦਿੱਤਾ ਜਾ ਚੁੱਕਿਆ ਹੈ ਸਕੀਮ ਦਾ ਲਾਹਾ: ਡਿਪਟੀ ਕਮਿਸ਼ਨਰ
ਚਾਹਵਾਨਾਂ ਨੂੰ ਸਕੀਮ ਲਈ ਅਪਲਾਈ ਕਰਨ ਦਾ ਸੱਦਾ
ਹਰਿੰਦਰ ਨਿੱਕਾ , ਬਰਨਾਲਾ, 24 ਮਾਰਚ 2021
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਵਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਰਾਹੀਂ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੂਰਜੀ ਲਾਈਟਾਂ ਨਾਲ ਜਿੱਥੇ ਬਿਜਲੀ ਦੀ ਬੱਚਤ ਹੁੰਦੀ ਹੈ, ਉਥੇ ਇਸ ਪ੍ਰਾਜੈਕਟ ’ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲੇ ਦੇ 103 ਪਿੰਡਾਂ ਵਿੱਚ 1600 ਲਾਈਟਾਂ ਲਾਈਆਂ ਜਾ ਚੁੱਕੀਆਂ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਜ਼ਿਲਾ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਵਾਉਣ ਲਈ ਵਿਸ਼ੇਸ਼ ਸਕੀਮ ਚਲਾਈ ਜਾ ਰਹੀ ਹੈ। ਸੋਲਰ ਸਟਰੀਟ ਲਾਈਟਾਂ ਲਗਵਾਉਣ ਦੀ ਕੁੱਲ ਕੀਮਤ 14 ਹਜ਼ਾਰ 259 ਰੁਪਏ ਹੈ। ਉਨਾਂ ਦੱਸਿਆ ਕਿ ਸੋਲਰ ਸਟਰੀਟ ਲਗਾਉਣ ਵਿਚ ਸਰਕਾਰ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੋਲਰ ਸਟਰੀਟ ਲਾਈਟਾਂ ਲਗਾਉਣ ਲਈ 4074 ਰੁਪਏ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਲਾਭਪਾਤਰੀ ਨੂੰ 10185 ਰੁਪਏ ਦੀ ਰਕਮ ਅਦਾ ਕਰਨੀ ਪਵੇਗੀ। ਉਨਾਂ ਦੱਸਿਆ ਕਿ ਇਸ ਲਾਗਤ ਵਿਚ ਸਰਟੀਟ ਲਾਈਟਾਂ ਦੀ ਪੰਜ ਸਾਲ ਦੀ ਗਾਰੰਟੀ ਅਤੇ ਸਲਾਨਾ ਰੱਖ-ਰਖਾਵ ਸ਼ਾਮਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਹ ਲਾਈਟਾਂ ਸ਼ਾਮ ਸਮੇਂ ਆਪਦੇ ਆਪ ਚੱਲ ਜਾਂਦੀਆਂ ਹਨ ਅਤੇ ਸਵੇਰ ਸਮੇਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡ ਮਹਿਲ ਖੁਰਦ, ਧਨੇਰ, ਦੀਵਾਨਾ, ਨਰਾਇਣਗੜ ਸੋਹੀਆਂ, ਗਹਿਲ, ਛੀਨੀਵਾਲ ਕਲਾਂ, ਮੂੰਮ ਸਣੇ ਜ਼ਿਲੇ ਦੇ 103 ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਲਾਈਆਂ ਜਾ ਚੁੱਕੀਆਂ ਹਨ।
ਉਨਾਂ ਦੱਸਿਆ ਕਿ ਲਾਈਟਾਂ ਲਗਵਾਉਣ ਦੇ ਚਾਹਵਾਨ ਪਿੰਡ ਵਾਸੀ ਨਿਰਧਾਰਤ ਬਿਨੈ ਪੱਤਰ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.peda.gov.in ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਲੋੜੀਂਦੀ ਰਾਸ਼ੀ ਦਾ ਡਿਮਾਂਡ ਡਰਾਫਟ ਬਣਾ ਕੇ ਮੁੱਖ ਦਫਤਰ ਚੰਡੀਗੜ ਵਿਖੇ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਨਾਂ (ਜ਼ਿਲਾ ਮੈਨੇਜਰ) ਦੇ ਮੋਬਾਈਲ ਨੰਬਰ 94638-66167 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਜ਼ਿਲੇ ਦੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।