ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਰਾਸ਼ਟਰੀ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ
ਸੋਨੀ ਪਨੇਸਰ , ਬਰਨਾਲਾ, 2 ਜਨਵਰੀ 2021
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸੰਵਿਧਾਨ ਅਧਾਰਤ ਲੋਕਤੰਤਰ ਵਿਸ਼ੇ ਤਹਿਤ 3 ਜਨਵਰੀ 2021 ਨੂੰ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਕੁਇਜ਼ ਮੁਕਾਬਲਿਆਂ ਵਿੱਚ ਸਮੂਹ ਪ੍ਰੀਜਾਈਡਿੰਗ ਅਫ਼ਸਰ, ਪੋਲਿੰਗ ਅਫ਼ਸਰ ਅਤੇ ਚੋਣ ਸਾਖਰਤਾ ਕਲੱਬਾਂ ਦੇ ਇੰਚਾਰਜ ਭਾਗ ਲੈ ਸਕਣਗੇ। ਇਹ ਮੁਕਾਬਲੇ ਉਪਰੋਕਤ ਨਿਰਧਾਰਿਤ ਮਿਤੀ ਨੂੰ ਦੁਪਹਿਰ 12 ਵਜੇ ਕਰਵਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੁਇਜ਼ ਮੁਕਾਬਲਿਆਂ ਸਬੰਧੀ ਵੀਡੀਓਜ਼ ਮੁੱਖ ਚੋਣ ਅਫ਼ਸਰ ਪੰਜਾਬ ਦੇ ਫੇਸਬੁੱਕ ਪੇਜ਼ Chief Electoral Officer Punjab ’ਤੇ ਉਪਲਬਧ ਹਨ। ਜਿਸ ਵਿੱਚ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਜਮ੍ਹਾਂ ਨਹੀਂ ਕੀਤਾ ਜਾਵੇਗਾ।
ਸ੍ਰੀ ਫੂਲਕਾ ਨੇ ਇਹ ਵੀ ਦੱਸਿਆ ਕਿ ਇਸ ਆਨਲਾਈਨ ਕੁਇਜ਼ ਮੁਕਾਬਲੇ ਦਾ ਲਿੰਕ ਨਿਰਧਾਰਿਤ ਸਮੇਂ ਤੋਂ 10 ਮਿੰਟ ਪਹਿਲਾਂ ਮੁੱਖ ਚੋਣ ਅਫਸਰ ਪੰਜਾਬ ਦੇ ਫੇਸਬੁੱਕ ਪੇਜ ਅਤੇ ਚੋਣ ਸਾਖਰਤਾ ਕਲੱਬਾਂ ਦੇ ਵੱਟਸਐਪ ਗਰੁੱਪਾਂ ਵਿੱਚ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਇਸ ਆਨਲਾਈਨ ਕੁਇਜ਼ ਮੁਕਾਬਲੇ ਵਿੱਚ ਸਬੰਧਿਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਮੂਹ ਚੋਣ ਸ਼ਾਖਰਤਾ ਕਲੱਬਾਂ ਦੇ ਇੰਚਾਰਜਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਪ੍ਰਤਿਯੋਗੀਆਂ ਨੂੰ ਰਾਸ਼ਟਰੀ ਦਿਵਸ ਮੌਕੇ 25 ਜਨਵਰੀ 2021 ਨੂੰ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਇੱਕ ਤੋਂ ਵੱਧ ਪ੍ਰਤਿਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਸਿਸਟਮ ਰਾਹੀਂ ਕੀਤੀ ਜਾਵੇਗੀ।