ਹੁਣ ਤੱਕ 5 ਲੱਖ 12 ਹਜ਼ਾਰ 609 ਮੀਟਰਿਕ ਟਨ ਕਣਕ ਦੀ ਖਰੀਦ-ਕੁਮਾਰ ਅਮਿਤ
ਲੋਕੇਸ਼ ਕੌਸ਼ਲ ਪਟਿਆਲਾ, 26 ਅਪ੍ਰੈਲ 2020
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ 5 ਲੱਖ 18 ਹਜ਼ਾਰ 915 ਮੀਟਰਿਕ ਟਨ ਆਮਦ ਹੋਈ ਹੈ ਜਦੋਂਕਿ 5 ਲੱਖ 12 ਹਜ਼ਾਰ 609 ਮੀਟਰਿਕ ਟਨ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਖਰੀਦੀ ਕਣਕ ਦੀ 2 ਲੱਖ 8 ਹਜ਼ਾਰ 49 ਲਿਫਟਿੰਗ ਹੋ ਚੁੱਕੀ ਹੈ ਅਤੇ ਖਰੀਦ ਏਜੰਸੀਆਂ ਨੂੰ ਕਣਕ ਦੀ ਚੁਕਾਈ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਸੰਕਟ ਸਮੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਦੀ ਜਿਣਸ ਦੀ ਨਿਰਵਿਘਨ ਖਰੀਦ ਲਈ ਪਾਸ ਪ੍ਰਣਾਲੀ ਲਾਗੂ ਕੀਤੀ, ਜਿਸ ਨੂੰ ਕਿਸਾਨਾਂ ਨੇ ਚੰਗਾ ਹੁਲਾਰਾ ਦਿੱਤਾ ਅਤੇ ਪੂਰੀ ਖਰੀਦ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਕਣਕ ਵੇਚਣ ਲਈ ਬਹੁਤਾ ਸਮਾਂ ਮੰਡੀਆਂ ‘ਚ ਨਾ ਰਹਿਣਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੰਡੀਆਂ ‘ਚ 47 ਹਜ਼ਾਰ 33 ਮੀਟਰਿਕ ਟਨ ਕਣਕ ਪੁੱਜੀ ਅਤੇ 48 ਹਜ਼ਾਰ 502 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਜਦੋਂਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੀ ਕਣਕ ਵਿੱਚੋਂ ਕੁਲ 5 ਲੱਖ 12 ਹਜ਼ਾਰ 609 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਿਸ ਵਿੱਚੋਂ ਪਨਗਰੇਨ ਨੇ ਕੁਲ 140133 ਮੀਟਰਿਕ ਟਨ, ਮਾਰਕਫੈਡ ਨੇ ਕੁਲ 119073 ਮੀਟਰਿਕ ਟਨ, ਪਨਸਪ ਨੇ 127733 ਮੀਟਰਿਕ ਟਨ, ਵੇਅਰ ਹਾਊਸ ਨੇ 74770 ਮੀਟਰਿਕ ਟਨ ਅਤੇ ਐਫ.ਸੀ.ਆਈ ਨੇ ਕੁਲ 50900 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।