ਮੀਡੀਆ ਦੇ ਅਜਿਹੇ ਰਵੱਈਏ ਨੇ ਲੋਕਾਂ ਵਿੱਚੋਂ ਗੁਆਈ ਭਰੋਸੇਯੋਗਤਾ
ਆਪ ਨੂੰ 100 ਸੀਟਾਂ ਦੇਣ ਵਾਲਾ ਚਾਣਕੀਆ ਅਦਾਰਾ, ਪਹਿਲਾਂ ਵੀ ਗਲਤ ਅਨੁਮਾਨਾਂ ਲਈ ਮੰਗ ਚੁੱਕਿਆ ਲਿਖਤੀ ਮਾਫੀ
ਹਰਿੰਦਰ ਨਿੱਕਾ, ਬਰਨਾਲਾ 9 ਮਾਰਚ 2022
ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜਾਨਚੀ ਪਵਨ ਕੁਮਾਰ ਬਾਂਸਲ ਨੇ ਮੀਡੀਆ ਦੁਆਰਾ ਦਿਖਾਏ ਐਗਜ਼ਿਟ ਪੋਲ ਨੂੰ ਹਕੀਕਤ ਤੋਂ ਕੋਹਾਂ ਦੂਰ ਦੱਸਿਆ ਹੈ। ਸ਼੍ਰੀ ਬਾਂਸਲ ਨੇ ਕਿਹਾ ਕਿ ਮੀਡੀਆ ਦੇ ਅਜਿਹੇ ਅਨੁਮਾਨ ਦਿਖਾਉਣ ਤੋਂ ਬਾਅਦ ਲੋਕਾਂ ਅੰਦਰ ਮੀਡੀਆ ਦੀ ਭਰੋਸੇਯੋਗਤਾ ਤੇ ਸਵਾਲ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਫੀ ਵਰ੍ਹਿਆਂ ਤੋਂ ਐਗਜਿਟ ਪੋਲ ਨੂੰ ਚੋਣ ਨਤੀਜਿਆਂ ਨੇ ਝੂਠਾ ਸਾਬਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਮੀਡੀਆ ਅਦਾਰਿਆਂ ਤੋਂ ਦਿਖਾਏ ਅੰਦਾਜਿਆਂ ‘ਚ ਵੀ ਕੋਈ ਸਮਾਨਤਾ ਨਹੀਂ ਹੈ, ਕੋਈ ਐਗਜਿਟ ਪੋਲ ਆਪ ਨੂੰ 100 ਸੀਟਾਂ ਆਉਂਦੀਆਂ ਦਿਖਾ ਰਿਹਾ ਹੈ, ਜਦੋਂਕਿ ਉਸੇ ਤਰਾਂ ਹੀ ਐਗਜ਼ਿਟ ਪੋਲ ਕਰਨ ਵਾਲੇ ਕਈ ਅਦਾਰੇ, ਆਪ ਨੂੰ ਉਕਤ ਅੰਦਾਜਿਆਂ ਤੋਂ ਅੱਧੀਆਂ ਸੀਟਾਂ ਵੀ ਨਹੀਂ ਦੇ ਰਹੇ। ਕੋਈ ਆਪ ਨੂੰ ਪ੍ਰਚੰਡ ਬਹੁਮਤ ਆਉਣ ਦਾ ਦਾਅਵਾ ਕਰ ਰਿਹਾ ਹੈ, ਕੋਈ ਪੰਜਾਬ ਅੰਦਰ ਲੰਗੜੀ ਸਰਕਾਰ ਬਨਣ ਦੀ ਪੇਸ਼ੀਨਗੋਈ ਕਰ ਰਿਹਾ ਹੈ। ਹਰ ਮੀਡੀਆ ਅਦਾਰਾ, ਦੂਜੇ ਦੇ ਸਰਵੇਖਣ ਨੂੰ ਆਪ ਹੀ ਗਲਤ ਸਾਬਿਤ ਕਰ ਰਿਹਾ ਹੈ। ਸ਼੍ਰੀ ਬਾਂਸਲ ਨੇ ਆਪ ਨੂੰ 100 ਸੀਟਾਂ ਦੇਣ ਵਾਲੇ ਨਿਊਜ 24 ਚੈਨਲ ਚਾਣਕੀਆ ਐਗਜਿਟ ਪੋਲ ਤੇ ਵਿਅੰਗ ਕਸਦਿਆਂ ਕਿਹਾ ਕਿ ਚਾਣਕੀਆ ਅਦਾਰਾ, ਪਹਿਲਾਂ ਵੀ ਗਲਤ ਅਨੁਮਾਨਾਂ ਲਈ ਇੱਕ ਵਾਰ ਲਿਖਤੀ ਤੌਰ ਤੇ ਮਾਫੀ ਮੰਗ ਚੁੱਕਿਆ ਹੈ।
ਆਪ ਦੇ ਝੂਠ ਦਾ ਮੁਕਾਬਲਾ ਕਾਂਗਰਸ ਦੇ ਸੱਚ ਨਾਲ ਕੀਤੈ
ਸ਼੍ਰੀ ਬਾਂਸਲ ਨੇ ਆਪ ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ , ਇੱਕ ਅਜਿਹੀ ਪਾਰਟੀ ਹੈ, ਜਿਸ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੈ। ਆਪ ਦੇ ਝੂਠੇ ਪ੍ਰਚਾਰ ਦਾ ਮੁਕਾਬਲਾ ਕਾਂਗਰਸ ਪਾਰਟੀ ਨੇ ਸੱਚਾਈ ਨਾਲ ਕੀਤਾ ਹੈ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੰਮ ਨਹੀਂ, ਸਿਰਫ ਪ੍ਰਚਾਰ ਤੇ ਹੀ ਜ਼ੋਰ ਦਿੱਤਾ ਹੈ। ਸ਼੍ਰੀ ਬਾਂਸਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ,ਪੰਜਾਬ ਦੀ ਸੱਤਾ ਤੇ ਕਾਬਿਜ਼ ਹੋ ਜਾਂਦੀ ਹੈ, ਇਹ ਪੰਜਾਬ ਦੀ ਸਭ ਤੋਂ ਮਾੜੀ ਸਾਬਿਤ ਹੋਵੇਗੀ। ਉਨ੍ਹਾਂ ਦਿੱਲੀ ਅੰਦਰ ਬਿਜਲੀ ਸਸਤੀ ਦੇਣ ਬਾਰੇ ਕੀਤੇ ਜਾ ਰਹੇ ਪ੍ਰਚਾਰ ਨੂੰ ਨਿਰੇ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ 15 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਜਦੋਂਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ 2 ਕਿਲੋਵਾਟ ਲੋਡ ਤੱਕ ਵਾਲੇ ਘਰੇਲੂ ਖਪਤਕਾਰਾਂ ਦੇ ਬਿਲ ਮੁਆਫ ਹੀ ਨਹੀਂ ਕੀਤੇ , ਬਲਕਿ ਪੁਰਾਣੇ ਬਕਾਏ ਵੀ ਮਾਫ ਕਰ ਦਿੱਤੇ ਹਨ।
ਕਾਂਗਰਸ ਪਾਰਟੀ ਨੇ ਅਸੰਭਵ ਨੂੰ ਬਣਾਇਆ ਸੰਭਵ
ਪਵਨ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਕਿਸੇ ਦਲਿਤ ਵਰਗ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾ ਕੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਹੈ। ਇਸ ਨਾਲ ਦਲਿਤ ਭਾਈਚਾਰੇ ਦਾ ਮਾਣ ਵਧਿਆ ਹੈ । ਉਨਾਂ ਕਿਹਾ ਕਿ ਜਦੋਂਕਿ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵਿੱਚ ਇਸ ਤੋਂ ਵੀ ਵੱਡੇ ਵੱਡੇ ਦਲਿਤ ਆਗੂ ਰਾਜਨੀਤੀ ਵਿੱਚ ਰਹੇ ਹਨ, ਜਿੰਨਾਂ ਦਾ ਮੁੱਖ ਮੰਤਰੀ ਬਦਨ ਦਾ ਸੁਪਨਾ ਸੁਪਨਾ ਹੀ ਰਹਿ ਗਿਆ। ਉਨਾਂ ਆਮ ਆਦਮੀ ਪਾਰਟੀ ਨੂੰ ਦਲਬਦਲੂ ਨੇਤਾਵਾਂ ਪਨਾਹਗਾਹ ਕਰਾਰ ਦਿੱਤਾ ਹੈ।
ਉਨਾਂ ਕਿਹਾ ਕਿ ਇਸ ਵਾਰ ਆਪ ਨੇ ਵੱਖ ਵੱਖ ਪਾਰਟੀਆਂ ਵਿੱਚੋਂ ਐਨ ਚੋਣਾਂ ਸਮੇਂ ਸ਼ਾਮਿਲ ਹੋਏ 65 ਆਗੂਆਂ ਨੂੰ ਟਿਕਟਾਂ ਦਿੱਤੀਆਂ ਹਨ। ਅਜਿਹੀ ਪਾਰਟੀ ਫਿਰ ਖੁਦ ਨੂੰ ਬਦਲਾਅ ਦੀ ਕਿਹੜੀ ਰਾਜਨੀਤੀ ਕਰਨ ਦਾ ਢੌਂਗ ਕਰਦੀ ਹੈ, ਦਰਅਸਲ ਆਮ ਆਦਮੀ ਪਾਰਟੀ ਬਦਲਾਅ ਲਿਆਉਣ ਵਾਲੀ ਪਾਰਟੀ ਨਹੀਂ, ਬਲਕਿ ਦਲਬਦਲੀਆਂ ਦੇ ਸਹਾਰੇ ਸੱਤਾ ਵਿੱਚ ਆਉਣ ਦੇ ਸੁਪਨੇ ਲੈ ਰਹੀ ਹੈ। ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ। ਨਤੀਜੇ ਐਗਜਿਟ ਪੋਲ ਦੇ ਅੰਦਾਜਿਆਂ ਤੋਂ ਬਿਲਕੁਲ ਉਲਟ ਸਾਬਿਤ ਹੋਣਗੇ। ਇਸ ਮੌਕੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ , ਡਾਕਟਰ ਅਭਿਸ਼ੇਕ ਬਾਂਸਲ, ਬਲਦੇਵ ਸਿੰਘ ਭੁੱਚਰ, ਦਿਲਦਾਰ ਖਾਨ, ਸਨੀ ਸਦਿਉੜਾ, ਮੰਗਤ ਰਾਏ ਮੰਗਾ, ਹੈਪੀ ਠੇਕੇਦਾਰ ਅਤੇ ਹੋਰ ਨੇਤਾ ਵੀ ਸ਼ਾਮਿਲ ਸਨ।